ਰੂਸ ਤੋਂ ਤੇਲ ਖਰੀਦ ਵਧਾ ਸਕਦਾ ਹੈ ਭਾਰਤ, ਸਰਕਾਰ ਕਰ ਰਹੀ ਵਿਚਾਰ

09/17/2019 3:52:54 PM

ਨਵੀਂ ਦਿੱਲੀ— ਸਾਊਦੀ 'ਚ ਸਰਕਾਰੀ ਤੇਲ ਕੰਪਨੀ ਅਰਾਮਕੋ ਦੇ ਦੋ ਪਲਾਂਟਾਂ 'ਤੇ ਪਿਛਲੇ ਹਫਤੇ ਹੋਏ ਡਰੋਨ ਹਮਲੇ ਮਗਰੋਂ ਉਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਕੌਮਾਂਤਰੀ ਬਾਜ਼ਾਰ 'ਚ ਜਿੱਥੇ ਕੱਚਾ ਤੇਲ 60 ਡਾਲਰ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ, ਉੱਥੇ ਹੀ ਸਰਕਾਰ ਭਵਿੱਖ 'ਚ ਪੈਟਰੋਲ-ਡੀਜ਼ਲ ਦੀ ਲੋੜ ਨੂੰ ਸਕਿਓਰ ਕਰਨ ਲਈ ਰੂਸ ਤੋਂ ਕੱਚੇ ਤੇਲ ਦੀ ਦਾਰਮਦ ਵਧਾਉਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

 

ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਨੂੰ ਕਿਹਾ, ''ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਭਾਰਤੀ ਬਾਜ਼ਾਰ 'ਚ ਚਿੰਤਾ ਪੈਦਾ ਹੋਣ ਸੁਭਾਵਿਕ ਹੈ।'' ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਰੂਸ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਰੋਜਨੇਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਗੋਰ ਇਵਾਨੋਵਿਚ ਸੇਚਿਨ ਨਾਲ ਮੁਲਾਕਾਤ ਕੀਤੀ ਹੈ ਅਤੇ ਰੂਸ ਤੋਂ ਤੇਲ ਦਰਾਮਦ ਬਾਰੇ ਵਿਸਥਾਰ ਚਰਚਾ ਕੀਤੀ ਹੈ।

ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਖੇਤਰਾਂ ਤੋਂ ਕੱਚਾ ਤੇਲ ਦਰਾਮਦ ਕੀਤਾ ਜਾ ਰਿਹਾ ਹੈ ਅਤੇ ਚਿੰਤਾ ਦੀ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਮੌਜੂਦਾ ਸਮੇਂ ਰੂਸ ਤੋਂ ਬਹੁਤ ਘੱਟ ਤੇਲ ਦਰਾਮਦ ਕਰਦਾ ਹੈ। ਪਿਛਲੇ ਵਿੱਤੀ ਸਾਲ 'ਚ ਰੂਸ ਤੋਂ ਸਿਰਫ 2,219.4 ਟਨ ਪੈਟਰੋਲੀਅਮ ਤੇਲ ਦਰਾਮਦ ਕੀਤਾ ਗਿਆ ਸੀ। ਉੱਥੇ ਹੀ, ਇਹ ਵੀ ਦੱਸਣਯੋਗ ਹੈ ਕਿ ਸਾਊਦੀ ਅਰਾਮਕੋ ਦੇ ਪਲਾਂਟਾਂ 'ਤੇ ਪਿਛਲੇ ਸ਼ਨੀਵਾਰ ਨੂੰ ਡਰੋਨ ਹਮਲੇ ਹੋਏ ਸਨ, ਜਿਸ ਕਾਰਨ ਕੰਪਨੀ ਦੇ ਉਤਪਾਦਨ 'ਚ 57 ਲੱਖ ਬੈਰਲ ਦੀ ਗਿਰਾਵਟ ਆਈ ਹੈ। ਬਾਜ਼ਾਰ 'ਚ ਸੋਮਵਾਰ ਕੱਚਾ ਤੇਲ 71 ਡਾਲਰ ਪ੍ਰਤੀ ਬੈਰਲ ਤਕ ਜਾ ਪੁੱਜਾ ਸੀ। ਹਾਲਾਂਕਿ, ਹੁਣ ਇਹ 68 ਡਾਲਰ ਪ੍ਰਤੀ ਬੈਰਲ ਦੇ ਨਜ਼ਦੀਕ ਹੈ ਪਰ ਸਾਊਦੀ ਘਟਨਾ ਤੋਂ ਪਹਿਲਾਂ 60 ਡਾਲਰ ਪ੍ਰਤੀ ਬੈਰਲ ਤੋਂ ਹੁਣ ਵੀ ਵੱਧ ਹੈ।