ਭਾਰਤ ਨੇ ਤਿੰਨ ਦੇਸ਼ਾਂ ਤੋਂ ਰਿਫਾਇੰਡ ਪਾਮ ਤੇਲ ਆਯਾਤ ਕਰਨ ਲਈ ਲਾਇਸੈਂਸ ਜਾਰੀ ਕੀਤੇ

02/21/2020 10:52:41 AM

ਨਵੀਂ ਦਿੱਲੀ — ਭਾਰਤ ਨੇ ਨੇਪਾਲ, ਇੰਡੋਨੇਸ਼ੀਆ ਅਤੇ ਬੰਗਲਾਦੇਸ਼ ਇਨ੍ਹਾਂ ਤਿੰਨ ਦੇਸ਼ਾਂ ਤੋਂ ਲਗਭਗ ਪੰਜ ਲੱਖ ਟਨ ਰਿਫਾਇੰਡ ਪਾਮ ਤੇਲ ਆਯਾਤ ਕਰਨ ਲਈ 70 ਲਾਇਸੈਂਸ ਜਾਰੀ ਕੀਤੇ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। 8 ਜਨਵਰੀ ਨੂੰ ਸਰਕਾਰ ਨੇ ਰਿਫਾਇੰਡ ਪਾਮ ਤੇਲ ਦੇ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਸੂਤਰਾਂ ਨੇ ਕਿਹਾ ਕਿ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਨੇ ਕਰੀਬ ਪੰਜ ਲੱਖ ਟਨ ਰਿਫਾਇੰਡ ਪਾਮ ਤੇਲ ਆਯਾਤ ਕਰਨ ਲਈ 60-70 ਆਯਾਤ ਲਾਇਸੈਂਸ ਜਾਰੀ ਕੀਤੇ ਹਨ। ਇਹ ਲਾਇਸੈਂਸ ਸਿਰਫ 18 ਮਹੀਨਿਆਂ ਦੀ ਮਿਆਦ ਲਈ ਜਾਰੀ ਹੋਣਗੇ। ਇਸ ਵਿੱਤੀ ਸਾਲ ਵਿਚ ਅਪ੍ਰੈਲ-ਦਸੰਬਰ ਦੌਰਾਨ ਭਾਰਤ ਨੇ ਲਗਭਗ 23 ਲੱਖ ਟਨ ਰਿਫਾਇੰਡ ਪਾਮ ਤੇਲ ਯਾਨੀ ਹਰ ਮਹੀਨੇ ਲਗਭਗ 2.5 ਲੱਖ ਟਨ ਤੇਲ ਆਯਾਤ ਕੀਤਾ। ਭਾਰਤ ਦੁਨੀਆ 'ਚ ਵਨਸਪਤੀ ਤੇਲਾਂ ਦਾ ਸਭ ਤੋਂ ਵੱਡਾ ਆਯਾਤਕ ਹੈ ਅਤੇ ਸਾਲਾਨਾ ਲਗਭਗ ਡੇਢ ਕਰੋੜ ਟਨ ਦਾ ਆਯਾਤ ਕਰਦਾ ਹੈ। ਇਸ ਵਿਚ ਪਾਮ ਤੇਲ ਦਾ 90 ਲੱਖ ਟਨ ਆਯਾਤ ਸ਼ਾਮਲ ਹੈ ਜਦੋਂਕਿ ਬਾਕੀ 60 ਲੱਖ ਟਨ ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲਾਂ ਦਾ ਆਯਾਤ ਕੀਤਾ ਜਾਂਦਾ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਦੋ ਦੇਸ਼ ਹਨ ਜਿਹੜੇ ਪਾਮ ਤੇਲ ਦੀ ਸਪਲਾਈ ਕਰਦੇ ਹਨ। ਮਲੇਸ਼ੀਆ ਇਕ ਸਾਲ 'ਚ 1.90 ਕਰੋੜ ਟਨ ਤਾੜ ਦੇ ਤੇਲ ਦਾ ਉਤਪਾਦਨ ਕਰਦਾ ਹੈ ਜਦੋਂਕਿ ਇੰਡੋਨੇਸ਼ੀਆ 4.30 ਕਰੋੜ ਟਨ ਪਾਮ ਤੇਲ ਦਾ ਉਤਪਾਦਨ ਕਰਦਾ ਹੈ। ਸਰਕਾਰ ਦਾ ਰਿਫਾਇੰਡ ਪਾਮ ਤੇਲ ਨੂੰ ਪਾਬੰਦੀ ਦੀ ਸੂਚੀ ਵਿਚ ਲਿਆਉਣ ਦਾ ਕਦਮ ਨਵੇਂ ਨਾਗਰਿਕਤਾ ਕਾਨੂੰਨ ਅਤੇ ਕਸ਼ਮੀਰ ਮੁੱਦੇ 'ਤੇ ਮਲੇਸ਼ੀਆ ਦੀ ਟਿੱਪਣੀ ਦੀ ਕਾਰਨ ਸਾਹਮਣੇ ਆਇਆ ਹੈ।