USA ਨੂੰ ਭਾਰਤ ਦਾ ਕਰਾਰਾ ਝਟਕਾ, ਸਰਕਾਰ ਨੇ ਵਧਾਈ ਕਸਟਮ ਡਿਊਟੀ

06/16/2019 3:52:15 PM

ਨਵੀਂ ਦਿੱਲੀ—  ਭਾਰਤ ਸਰਕਾਰ ਨੇ ਅਮਰੀਕਾ ਨੂੰ ਕਰਾਰਾ ਝਟਕਾ ਦਿੰਦੇ ਹੋਏ ਉੱਥੋਂ ਆਉਣ ਵਾਲੇ ਬਦਾਮ, ਅਖਰੋਟ ਤੇ ਦਾਲਾਂ ਸਮੇਤ 28 ਚੀਜ਼ਾਂ 'ਤੇ 16 ਤਰੀਕ ਤੋਂ ਕਸਟਮ ਡਿਊਟੀ ਵਧਾ ਦਿੱਤੀ ਹੈ। ਸਰਕਾਰ ਦੇ ਇਸ ਕਦਮ ਨਾਲ ਖਜ਼ਾਨੇ 'ਚ ਇੰਪੋਰਟ ਤੋਂ 21.7 ਕਰੋੜ ਡਾਲਰ ਦਾ ਵਾਧੂ ਰੈਵੇਨਿਊ ਮਿਲਣ ਦੀ ਉਮੀਦ ਹੈ। ਪਹਿਲਾਂ ਅਮਰੀਕਾ ਦੇ 29 ਪ੍ਰੋਡਕਟਸ 'ਤੇ ਕਸਟਮ ਡਿਊਟੀ ਲਗਾਈ ਜਾਣੀ ਸੀ ਪਰ ਸਰਕਾਰ ਨੇ ਝੀਂਗਾ ਮੱਛੀ ਨੂੰ ਲਿਸਟ ਤੋਂ ਬਾਹਰ ਕਰ ਦਿੱਤਾ।

 

ਭਾਰਤ ਦੀ ਇਸ ਕਾਰਵਾਈ ਨਾਲ ਇਨ੍ਹਾਂ 28 ਪ੍ਰੋਡਕਟਸ ਦੀ ਬਰਾਮਦ ਕਰਨ ਵਾਲੇ ਅਮਰੀਕੀ ਕਾਰੋਬਾਰੀ ਪ੍ਰਭਾਵਿਤ ਹੋਣਗੇ। ਕਸਟਮ ਡਿਊਟੀ ਵਧਣ ਨਾਲ ਭਾਰਤ 'ਚ ਇਨ੍ਹਾਂ ਦੀ ਦਰਾਮਦ ਮਹਿੰਗੀ ਹੋ ਜਾਵੇਗੀ ਅਤੇ ਅਮਰੀਕੀ ਬਰਾਮਦਕਾਰਾਂ ਨੂੰ ਇਨ੍ਹਾਂ ਪ੍ਰੋਡਕਟਸ ਦੀ ਸਪਲਾਈ ਭਾਰਤ 'ਚ ਜਾਰੀ ਰੱਖਣ ਲਈ ਘਾਟਾ ਸਹਿਣਾ ਪਵੇਗਾ। ਭਾਰਤ ਨੇ ਇਹ ਕਦਮ ਉਸ ਵਕਤ ਉਠਾਇਆ ਹੈ ਜਦੋਂ ਅਮਰੀਕਾ ਨੇ ਭਾਰਤ ਨੂੰ ਵਪਾਰ 'ਚ ਦਿੱਤਾ ਤਰਜੀਹੀ ਦਰਜਾ ਖਤਮ ਕੀਤਾ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਿਛਲੇ ਸਾਲ ਮਾਰਚ 'ਚ ਸਟੀਲ ਪ੍ਰੋਡਕਟਸ 'ਤੇ 25 ਫੀਸਦੀ ਅਤੇ ਐਲੂਮੀਨੀਅਮ ਸਮਾਨਾਂ 'ਤੇ 10 ਫੀਸਦੀ ਇੰਪੋਰਟ ਡਿਊਟੀ ਲਾ ਦਿੱਤੀ ਸੀ, ਜਦੋਂ ਕਿ ਪਹਿਲਾਂ ਇਨ੍ਹਾਂ 'ਤੇ ਕੋਈ ਡਿਊਟੀ ਨਹੀਂ ਸੀ। ਇਸ ਦੇ ਜਵਾਬ 'ਚ ਭਾਰਤ ਨੇ ਵੀ 21 ਜੂਨ 2018 ਨੂੰ ਅਮਰੀਕੀ ਪ੍ਰੋਡਕਟਸ 'ਤੇ ਕਸਟਮ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਸੀ ਪਰ ਹੁਣ ਤਕ ਸਰਕਾਰ ਇਸ ਨੂੰ ਕਈ ਵਾਰ ਟਾਲਦੀ ਰਹੀ। ਇਸ ਵਿਚਕਾਰ ਇਸ ਸਾਲ ਅਮਰੀਕਾ ਨੇ ਭਾਰਤ ਨੂੰ ਵਪਾਰ 'ਚ ਦਿੱਤਾ ਤਰਜੀਹੀ ਦਰਜਾ ਵੀ ਖਤਮ ਕਰ ਦਿੱਤਾ, ਜਿਸ ਦੇ ਜਵਾਬ 'ਚ ਭਾਰਤ ਨੇ ਹੁਣ 28 ਅਮਰੀਕੀ ਪ੍ਰੋਡਕਟਸ 'ਤੇ ਕਸਟਮ ਡਿਊਟੀ ਵਧਾਈ ਹੈ।