ਈਰਾਨ ਤੋਂ ਤੇਲ ਆਯਾਤ ''ਤੇ ਅਮਰੀਕਾ ਦੀ ਪਾਬੰਦੀ ਦਾ ਭਾਰਤ ਨੇ ਦਿੱਤਾ ਜਵਾਬ

04/23/2019 4:50:16 PM

ਨਵੀਂ ਦਿੱਲੀ — ਅਪ੍ਰੈਲ ਦੇ ਬਾਅਦ ਈਰਾਨ ਤੋਂ ਤੇਲ ਆਯਾਤ ਜਾਰੀ ਰੱਖਣ ਵਾਲੇ ਦੇਸ਼ਾਂ 'ਤੇ ਅਮਰੀਕੀ ਪਾਬੰਦੀ ਲਈ ਭਾਰਤ ਨੇ ਕਿਹਾ ਕਿ ਉਹ ਆਪਣੇ ਕੱਚੇ ਤੇਲ ਦੀ ਭਰਪਾਈ ਵੱਡੇ ਤੇਲ ਉਤਪਾਦਕ ਦੇਸ਼ਾਂ ਤੋਂ ਆਯਾਤ ਵਧਾ ਕੇ ਕਰ ਲਵੇਗਾ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵੀਟ ਕਰਕੇ ਈਰਾਨ ਤੋਂ ਤੇਲ ਆਯਾਤ ਰੁਕਣ 'ਤੇ ਹੋਣ ਵਾਲੀ ਕਮੀ ਦੀ ਭਰਪਾਈ ਦੀ ਯੋਜਨਾ ਦੱਸੀ। ਉਨ੍ਹਾਂ ਨੇ ਟਵੀਟ ਕੀਤਾ, 'ਸਰਕਾਰ ਨੇ ਭਾਰਤੀ ਰਿਫਾਇਨਰੀਆਂ ਨੂੰ ਲੌੜੀਂਦੀ ਮਾਤਰਾ ਵਿਚ ਕੱਚੇ ਤੇਲ ਦੀ ਸਪਲਾਈ ਜਾਰੀ ਰੱਖਣ ਦੀ ਯੋਜਨਾ ਦੱਸੀ ਹੈ। ਦੂਜੇ ਵੱਡੇ ਤੇਲ ਉਤਪਾਦਕ ਦੇਸ਼ਾਂ ਤੋਂ ਵਾਧੂ ਸਪਲਾਈ ਹੋਵੇਗੀ। ਭਾਰਤੀ ਰਿਫਾਇਨਰੀਆਂ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਹੋਰ ਪੈਟਰੋਲੀਆਂ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।'

6 ਮਹੀਨੇ ਲਈ ਮਿਲੀ ਸੀ ਛੋਟ

ਦਰਅਸਲ ਅਮਰੀਕਾ ਨੇ ਭਾਰਤ ਸਮੇਤ 8 ਦੇਸ਼ਾਂ ਨੂੰ 6 ਮਹੀਨੇ ਤੱਕ ਈਰਾਨ ਤੋਂ ਸੀਮਤ ਮਾਤਰਾ ਵਿਚ ਤੇਲ ਆਯਾਤ ਦੀ ਛੋਟ ਦਿੱਤੀ ਸੀ। ਇਨ੍ਹਾਂ 'ਚ ਜ਼ਿਆਦਾਤਰ ਏਸ਼ੀਆਈ ਦੇਸ਼ ਹਨ ਪਰ ਸੋਮਵਾਰ ਨੂੰ ਅਮਰੀਕਾ ਨੇ ਭਾਰਤ, ਚੀਨ, ਜਾਪਾਨ, ਦੱਖਣੀ ਕੋਰਿਆ, ਤੁਰਕੀ ਆਦਿ ਦੇਸ਼ਾਂ ਨੂੰ 1 ਮਈ ਤੋਂ ਈਰਾਨ ਤੋਂ ਤੇਲ ਆਯਾਤ ਰੋਕਣ ਲਈ ਕਿਹਾ। ਇਸ ਖਬਰ ਕਾਰਨ ਭਾਰਤੀ ਸ਼ੇਅਰ ਬਜ਼ਾਰ 'ਚ ਖਲਬਲੀ ਮੱਚ ਗਈ ਅਤੇ ਬੰਬਈ ਸਟਾਕ ਐਕਸਚੇਂਜ ਦਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 495 ਅੰਕ ਟੁੱਟ ਕੇ ਬੰਦ ਹੋਇਆ। ਇਸ ਤੋਂ ਬਾਅਦ ਅੱਜ ਵੀ ਸੈਂਸੈਕਸ 80.30 ਅੰਕ ਡਿੱਗ ਕੇ 38,564.88 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 18.50 ਅੰਕ ਘੱਟ ਕੇ 11,575.95 ਅੰਕ 'ਤੇ ਬੰਦ ਹੋਇਆ।

 

ਸਾਊਦੀ ਅਰਬ ਨੇ ਦਿੱਤਾ ਭਰੋਸਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਈਰਾਨ ਤੋਂ ਤੇਲ ਸਪਲਾਈ ਘਟਣ ਦੀ ਸਥਿਤੀ 'ਚ ਸਾਊਦੀ ਅਰਬ ਅਤੇ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ(ਓਪੇਕ) ਦੇ ਹੋਰ ਮੈਂਬਰਾਂ ਨੂੰ ਜ਼ਿਆਦਾ ਉਤਪਾਦਨ ਕਰਨਾ ਹੋਵੇਗਾ। ਦੁਨੀਆ ਦੇ ਸਭ ਤੋਂ ਵੱਡੇ ਤੇਲ ਨਿਰਯਾਤਕ ਸਾਊਦੀ ਅਰਬ ਨੇ ਕਿਹਾ ਕਿ ਉਹ ਕੱਚੇ ਤੇਲ ਦੀ ਲੌੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਦੂਜੇ ਤੇਲ ਉਤਪਾਦਕਾਂ ਨਾਲ ਤਾਲਮੇਲ ਕਰੇਗਾ।