ਬੈਟਰੀ ਵਾਲਾ ਕ੍ਰੈਡਿਟ ਕਾਰਡ ਲਾਂਚ, ਬਟਨ ਦਬਾਉਂਦੇ ਹੀ ਮਿਲੇਗਾ ''ਲੋਨ''

11/15/2018 3:33:07 PM

ਨਵੀਂ ਦਿੱਲੀ— ਨਿੱਜੀ ਖੇਤਰ ਦੇ ਇੰਡਸਇੰਡ ਬੈਂਕ ਨੇ ਇਕ ਨਵਾਂ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ। ਇਸ ਕਾਰਡ ਜ਼ਰੀਏ ਗਾਹਕ ਹੁਣ ਆਪਣੀ ਪਸੰਦ ਦੀ ਪੇਮੈਂਟ ਜਿਵੇਂ ਕਿ ਈ. ਐੱਮ. ਆਈ., ਰਿਵਾਰਡ ਅੰਕ ਅਤੇ ਕ੍ਰੈਡਿਟ ਦੇ ਬਦਲ (ਆਪਸ਼ਨ) ਨੂੰ ਸਿਰਫ ਬਟਨ ਦਬਾ ਕੇ ਚੁਣ ਸਕਦੇ ਹਨ। ਇਹ ਭਾਰਤ ਦਾ ਪਹਿਲਾ ਇਸ ਤਰ੍ਹਾਂ ਦਾ ਕ੍ਰੈਡਿਟ ਕਾਰਡ ਹੈ, ਜਿਸ 'ਚ ਬਟਨ ਦਿੱਤੇ ਗਏ ਹਨ। ਇਸ ਬਟਨ ਜ਼ਰੀਏ ਗਾਹਕ ਕਾਰਡ ਸਵਾਈਪ ਮਸ਼ੀਨ ਜਾਂ ਪੁਆਇੰਟ ਆਫ ਸੇਲ (ਪੀ. ਓ. ਐੱਸ.) 'ਤੇ ਪੇਮੈਂਟ ਕਰਨ ਲਈ ਕਾਰਡ ਦੇ ਤਿੰਨ ਬਟਨਾਂ 'ਚੋਂ ਕਿਸੇ ਵੀ ਇਕ ਨੂੰ ਚੁਣ ਕੇ ਖਰੀਦਦਾਰੀ ਕਰ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਮੰਨ ਲਓ ਤੁਸੀਂ ਮੋਬਾਇਲ ਖਰੀਦਣ ਜਾਂਦੇ ਹੋ ਅਤੇ ਈ. ਐੱਮ. ਆਈ. 'ਤੇ ਪੇਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਾਰਡ 'ਤੇ ਸਿਰਫ ਇਕ ਬਟਨ ਹੀ ਦੱਬਣਾ ਹੋਵੇਗਾ।

ਇਸ ਕਾਰਡ 'ਤੇ 6, 12, 18 ਅਤੇ 24 ਮਹੀਨਿਆਂ ਦੀ ਈ. ਐੱਮ. ਆਈ. ਸੁਵਿਧਾ ਹੈ। ਇਸ ਕਾਰਡ 'ਚ ਤਿੰਨ ਬਟਨਾਂ ਨਾਲ ਐੱਲ. ਈ. ਡੀ. ਲਾਈਟਸ ਵੀ ਹਨ, ਯਾਨੀ ਜੋ ਬਟਨ ਤੁਸੀਂ ਦੱਬੋਗੇ ਉੱਥੇ ਲਾਈਟ ਆਨ ਹੋ ਜਾਵੇਗੀ।
ਬੈਂਕ ਮੁਤਾਬਕ, ਗਾਹਕਾਂ ਨੂੰ ਹੁਣ ਆਪਣੀ ਕਿਸੇ ਵੀ ਟ੍ਰਾਂਜੈਕਸ਼ਨ ਨੂੰ ਈ. ਐੱਮ. ਆਈ. 'ਚ ਬਦਲਣ ਲਈ ਨਾ ਤਾਂ ਗਾਹਕ ਸਹਾਇਤਾ ਅਧਿਕਾਰੀ ਨੂੰ ਕਾਲ ਕਰਨ ਦੀ ਜ਼ਰੂਰਤ ਹੈ ਤੇ ਨਾ ਹੀ ਕਿਸੇ ਪੇਪਰ ਵਰਕ ਦੀ ਕਿਉਂਕਿ ਗਾਹਕ ਪੇਮੈਂਟ ਨੂੰ ਖੁਦ ਹੀ ਈ. ਐੱਮ. ਆਈ. 'ਚ ਬਦਲ ਸਕਦੇ ਹਨ। ਰਿਵਾਰਡ ਅੰਕ ਜ਼ਰੀਏ ਪੇਮੈਂਟ ਲਈ ਵੀ ਗਾਹਕਾਂ ਨੂੰ ਸਿਰਫ ਆਪਣੇ ਕਾਰਡ ਦਾ ਇਕ ਬਟਨ ਦਬਾਉਣਾ ਪਵੇਗਾ। ਇੰਡਸਇੰਡ ਬੈਂਕ ਨੇ ਇਹ ਕਾਰਡ ਅਮਰੀਕੀ ਕੰਪਨੀ ਡਾਇਨਾਮਿਕਸ ਇੰਕ ਨਾਲ ਮਿਲ ਕੇ ਬਣਾਇਆ ਹੈ। ਇਹ ਕੰਪਨੀ ਬੈਟਰੀ ਪਾਵਰਡ ਇੰਟੈਲੀਜੈਂਟ ਪੇਮੈਂਟ ਕਾਰਡ ਦੀ ਡਿਜ਼ਾਈਨਿੰਗ ਅਤੇ ਉਸ ਨੂੰ ਬਣਾਉਂਦੀ ਹੈ।