ਨਵਾਂ ਰਿਕਾਰਡ ਬਣਾ ਸਕਦੈ ਭਾਰਤ ਦਾ ਗੋਲਡ ਇੰਪੋਰਟ, ਜਾਣੋ ਸੋਨੇ ਦਾ ਰੇਟ

07/11/2017 7:44:20 AM

ਨਵੀਂ ਦਿੱਲੀ— 2017 ਦੀ ਪਹਿਲੀ ਛਿਮਾਹੀ 'ਚ ਦੇਸ਼ 'ਚ ਗੋਲਡ ਇੰਪੋਰਟ (ਸੋਨੇ ਦੀ ਦਰਾਮਦ) 'ਚ ਜ਼ਬਰਦਸਤ ਵਾਧਾ ਹੋਇਆ ਹੈ। ਜੀ. ਐੱਫ. ਐੱਮ. ਐੱਸ. ਥਾਮਸਨ ਰਾਇਟਰਸ ਦੇ ਤਾਜ਼ਾ ਅੰਕੜਿਆਂ ਦੀ ਮੰਨੀਏ ਤਾਂ ਭਾਰਤ 'ਚ ਵਿੱਤੀ ਸਾਲ 2016-17 ਦੀ ਪਹਿਲੀ ਛਿਮਾਹੀ 'ਚ ਇੰਪੋਰਟ ਕੀਤਾ ਗਿਆ ਗੋਲਡ ਸਾਲ 2016 ਦੇ ਪੂਰੇ ਇੰਪੋਰਟ ਤੋਂ ਜ਼ਿਆਦਾ ਹੋ ਚੁੱਕਾ ਹੈ। ਅੰਕੜਿਆਂ ਅਨੁਸਾਰ ਭਾਰਤ ਨੇ 2016 'ਚ 510 ਟਨ ਗੋਲਡ ਦਾ ਇੰਪੋਰਟ ਕੀਤਾ ਸੀ ਜਦੋਂ ਕਿ 2017 'ਚ ਜਨਵਰੀ-ਜੂਨ ਦੀ ਮਿਆਦ 'ਚ ਗੋਲਡ ਇੰਪੋਰਟ 521 ਟਨ ਪਹੁੰਚ ਗਿਆ ਹੈ।
ਵਣਜ ਮੰਤਰਾਲਾ ਅਨੁਸਾਰ ਸਾਲ 2016 'ਚ 23 ਅਰਬ ਡਾਲਰ ਦਾ ਗੋਲਡ ਇੰਪੋਰਟ ਕੀਤਾ ਗਿਆ ਸੀ ਅਤੇ ਇਸ ਸਾਲ ਦੀ ਪਹਿਲੀ ਛਿਮਾਹੀ 'ਚ ਜੂਨ ਤੱਕ ਇਹ 22.2 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਗੋਲਡ ਇੰਡਸਟਰੀ ਦੇ ਅੰਦਾਜ਼ਿਆਂ ਅਨੁਸਾਰ ਇਸ ਸਾਲ ਗੋਲਡ ਦਾ ਇੰਪੋਰਟ 900 ਟਨ ਨੂੰ ਪਾਰ ਕਰ ਸਕਦਾ ਹੈ ਜਦੋਂ ਕਿ ਪਿਛਲੇ 5 ਸਾਲ 'ਚ ਗੋਲਡ ਦਾ ਔਸਤਨ ਇੰਪੋਰਟ 709 ਟਨ ਸੀ। ਅੰਦਾਜ਼ਾ ਹੈ ਕਿ 2017 'ਚ ਗੋਲਡ ਇੰਪੋਰਟ ਦੀ ਕੀਮਤ 40 ਅਰਬ ਡਾਲਰ ਤੋਂ ਪਾਰ ਪਹੁੰਚ ਜਾਵੇਗੀ।
ਇੰਡਸਟਰੀ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਗੋਲਡ ਦੀਆਂ ਕੀਮਤਾਂ 'ਚ ਨਰਮੀ, ਨੋਟਬੰਦੀ ਤੋਂ ਬਾਅਦ ਘਟੀ ਤਰਲਤਾ, ਗੋਲਡ 'ਤੇ 3 ਫੀਸਦੀ ਜੀ. ਐੱਸ. ਟੀ., ਕਿਸਾਨਾਂ ਦੀ ਕਰਜ਼ ਮੁਆਫੀ, ਚੰਗੇ ਮਾਨਸੂਨ ਦੇ ਕਾਰਨ ਪੇਂਡੂ ਇਲਾਕਿਆਂ 'ਚ ਖਪਤ ਵਧੀ ਹੈ। ਇਸ ਤੋਂ ਇਲਾਵਾ ਸੈਂਟਰਲ ਗਵਰਨਮੈਂਟ ਇੰਪਲਾਈਜ਼ ਦੇ ਭੱਤਿਆਂ 'ਚ ਹੋਏ ਵਾਧੇ ਨਾਲ ਵੀ ਆਉਣ ਵਾਲੇ ਮਹੀਨਿਆਂ 'ਚ ਗੋਲਡ ਦੀ ਮੰਗ ਨੂੰ ਮਜ਼ਬੂਤੀ ਮਿਲੇਗੀ। ਸੋਨੇ ਤੋਂ ਇਲਾਵਾ 2017 ਦੀ ਛਿਮਾਹੀ 'ਚ ਚਾਂਦੀ ਦਾ ਇੰਪੋਰਟ ਵੀ 3,050 ਟਨ ਰਿਹਾ ਜੋ 2016 'ਚ 3,546 ਟਨ ਸੀ। ਸਰਕਾਰ ਦੇ ਨਵੰਬਰ 2016 'ਚ 500 ਅਤੇ 1,000 ਦੇ ਨੋਟਾਂ ਨੂੰ ਬੰਦ ਕਰਨ ਦੇ ਐਲਾਨ ਤੋਂ ਬਾਅਦ ਸੋਨੇ ਦੀ ਮੰਗ ਵਧੀ ਹੈ ਜਦੋਂ ਕਿ ਕੀਮਤਾਂ ਘੱਟ ਹੋਣ ਕਾਰਨ ਵੀ ਇਸ ਦੀ ਮੰਗ ਵਧੀ ਹੈ।
1 ਜੁਲਾਈ ਨੂੰ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਲੋਕਾਂ ਨੇ ਖੂਬ ਸੋਨੇ ਦੀ ਖਰੀਦਦਾਰੀ ਕੀਤੀ। ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਲੋਕਾਂ ਨੇ ਵੱਡੀ ਮਾਤਰਾ 'ਚ ਸੋਨਾ ਖਰੀਦਿਆ। ਇੰਡੀਅਨ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਸਕੱਤਰ ਸੁਰਿੰਦਰ ਮਹਿਤਾ ਨੇ ਕਿਹਾ ਕਿ 3 ਫੀਸਦੀ ਜੀ. ਐੱਸ. ਟੀ. ਤੋਂ ਬਾਅਦ ਵੀ ਸੋਨੇ ਦੀ ਮੰਗ ਚੰਗੀ ਰਹੇਗੀ। ਅਗਲੇ 6 ਮਹੀਨਿਆਂ 'ਚ ਸੋਨੇ ਦਾ ਇੰਪੋਰਟ 400-500 ਟਨ ਹੋ ਸਕਦਾ ਹੈ। ਵਰਲਡ ਗੋਲਡ ਕੌਂਸਲ ਦਾ ਕਹਿਣਾ ਹੈ ਕਿ ਜੌਹਰੀ ਅਤੇ ਕਾਰੀਗਰਾਂ ਨੂੰ ਨਵੇਂ ਜੀ. ਐੱਸ. ਟੀ. ਮਾਪਦੰਡਾਂ 'ਚ ਸਮਾਉਣ 'ਚ ਥੋੜ੍ਹਾ ਸਮਾਂ ਲੱਗ ਸਕਦਾ ਹੈ।
ਸੋਨਾ 120 ਰੁਪਏ ਫਿਸਲਿਆ, ਚਾਂਦੀ 'ਚ 900 ਰੁਪਏ ਦੀ ਭਾਰੀ ਗਿਰਾਵਟ 
ਕੌਮਾਂਤਰੀ ਪੱਧਰ 'ਤੇ ਪੀਲੀ ਧਾਤੂ ਦੀਆਂ ਕੀਮਤਾਂ 'ਚ ਆਈ ਗਿਰਾਵਟ ਅਤੇ ਸੁਸਤ ਘਰੇਲੂ ਜੇਵਰਾਤੀ ਮੰਗ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 120 ਰੁਪਏ ਫਿਸਲ ਕੇ 28,780 ਰੁਪਏ ਪ੍ਰਤੀ 10 ਗਰਾਮ 'ਤੇ ਆ ਗਿਆ। ਕੌਮਾਂਤਰੀ ਦਬਾਅ ਦਰਮਿਆਨ ਉਦਯੋਗਿਕ ਮੰਗ 'ਚ ਆਈ ਭਾਰੀ ਕਮੀ ਨਾਲ ਚਾਂਦੀ ਵੀ 900 ਰੁਪਏ ਸਸਤੀ ਹੋ ਕੇ 36,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ 4.75 ਡਾਲਰ ਫਿਸਲ ਕੇ 1,207.85 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ ਹਾਜ਼ਰ ਵੀ 0.25 ਡਾਲਰ ਫਿਸਲ ਕੇ 15.29 ਡਾਲਰ ਪ੍ਰਤੀ ਔਂਸ 'ਤੇ ਆ ਗਈ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਅਮਰੀਕਾ ਦੇ ਮਜ਼ਬੂਤ ਰੋਜ਼ਗਾਰ ਅੰਕੜਿਆਂ ਦੀ ਵਜ੍ਹਾ ਨਾਲ ਫੈਡਰਲ ਰਿਜ਼ਰਵ ਦੀ ਅਗਲੀ ਬੈਠਕ 'ਚ ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਮਜ਼ਬੂਤ ਹੋਣ ਅਤੇ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਚੜ੍ਹਨ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਕਰੀਬ 4 ਮਹੀਨੇ ਦੇ ਹੇਠਲੇ ਪੱਧਰ ਤੱਕ ਫਿਸਲ ਗਿਆ ਹੈ।