ਮੌਜੂਦਾ ਵਿੱਤੀ ਸਾਲ ''ਚ ਦੇਸ਼ ਦੀ ਬਰਾਮਦ ਵਿਕਾਸ ਦਰ ਦਹਾਈ ਅੰਕ ''ਚ ਪਹੁੰਚ ਜਾਵੇਗੀ : ਵਣਜ ਸਕੱਤਰ

08/14/2019 5:54:09 PM

ਕੋਲਕਾਤਾ — ਵਣਜ ਸਕੱਤਰ ਅਨੂਪ ਵਧਾਵਨ ਨੇ ਕਿਹਾ ਕਿ ਦੇਸ਼ ਦੀ ਬਰਾਮਦ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਦੇ ਬਾਵਜੂਦ ਮੌਜੂਦਾ ਵਿੱਤੀ ਸਾਲ ਵਿਚ 10 ਪ੍ਰਤੀਸ਼ਤ ਤੋਂ ਵੱਧ ਵਾਧਾ ਦਰਜ ਕਰ ਸਕਦੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਵਿੱਤੀ ਸਾਲ ਵਿਚ ਦੇਸ਼ ਦੀ ਬਰਾਮਦ ਦੀ ਵਿਕਾਸ ਦਰ 9 ਤੋਂ 10 ਫੀਸਦੀ ਦੇ ਵਿਚਕਾਰ ਰਹੀ ਸੀ। ਅਜਿਹੇ 'ਚ ਦੇਸ਼ ਨੇ ਰਿਕਾਰਡ 331 ਅਰਬ ਡਾਲਰ ਦਾ ਨਿਰਯਾਤ ਕੀਤਾ ਸੀ। ਵਧਾਵਨ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਦੇਸ਼ ਨੇ  ਨਿਰੰਤਰ ਵਾਧਾ ਦਰਜ ਕੀਤਾ ਹੈ।  'ਮੌਜੂਦਾ ਵਿੱਤੀ ਸਾਲ 'ਚ ਸਾਨੂੰ ਨਿਰਯਾਤ ਵਿਕਾਸ ਦਰ ਦੇ ਦਹਾਈ ਅੰਕ 'ਚ ਪਹੁੰਚਣ ਦੀ ਉਮੀਦ ਹੈ।' 

ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ(IMF) ਦੇ ਅੰਦਾਜ਼ੇ ਅਨੁਸਾਰ ਗਲੋਬਲ ਮੰਦੀ ਲਗਭਗ ਦਿਖਾਈ ਦੇ ਰਹੀ ਹੈ। ਇਸ ਤੱਥ ਦਾ ਸੋਧੀ ਹੋਈ ਵਿਦੇਸ਼ੀ ਵਪਾਰ ਨੀਤੀ ਵਿਚ ਵੀ ਜ਼ਿਕਰ ਕੀਤਾ ਜਾਵੇਗਾ। ਮੌਜੂਦਾ ਵਿਦੇਸ਼ ਵਪਾਰ ਨੀਤੀ ਦੀ ਆਖਰੀ ਮਿਤੀ 31 ਮਾਰਚ 2020 ਹੈ। ਹਰ ਪੰਜ ਸਾਲ ਬਾਅਦ ਇਕ ਨਵੀਂ ਵਿਦੇਸ਼ੀ ਵਪਾਰ ਨੀਤੀ ਜਾਰੀ ਕੀਤੀ ਜਾਂਦੀ ਹੈ। ਵਧਾਵਨ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਕੁਝ ਮਹੀਨਿਆਂ ਵਿਚ ਨਿਰਯਾਤ ਅਤੇ ਦਰਾਮਦ ਦੋਵੇਂ ਪ੍ਰਭਾਵਤ ਹੋਏ ਹਨ ਜਦੋਂ ਕਿ ਨਿਰਯਾਤ 'ਚ ਵਾਧਾ ਕਿਸੇ ਤਰ੍ਹਾਂ ਪਿਛਲੇ ਪੱਧਰ 'ਤੇ ਬਣਿਆ ਰਿਹਾ ਹੈ ਪਰ ਦਰਾਮਦ 'ਚ ਗਿਰਾਵਟ ਆਈ ਹੈ। ਇਸ ਨਾਲ ਵਪਾਰ ਘਾਟੇ ਵਿਚ ਸੁਧਾਰ ਹੋਇਆ ਹੈ।