ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ ਵਧ ਕੇ ਕਰੀਬ 70 ਕਰੋੜ ਟਨ ਹੋਇਆ : ਸਟੀਲਮਿੰਟ

10/11/2023 10:11:19 AM

ਨਵੀਂ ਦਿੱਲੀ (ਭਾਸ਼ਾ)– ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ ਵਿੱਤੀ ਸਾਲ 2023-24 ਦੀ ਅਪ੍ਰੈਲ-ਸਤੰਬਰ ਮਿਆਦ ਵਿੱਚ 14.7 ਫ਼ੀਸਦੀ ਵਧ ਕੇ 6.965 ਕਰੋੜ ਟਨ (ਐੱਮ. ਟੀ.) ਹੋ ਗਿਆ। ਸਟੀਲ ਮਿੰਟ ਇੰਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਸਾਲ ਇਸੇ ਮਿਆਦ ’ਚ ਸਟੀਲ ਉਤਪਾਦਨ 6.106 ਕਰੋੜ ਟਨ ਸੀ। ਮਾਰਕੀਟ ਰਿਸਰਚ ਕੰਪਨੀ ਨੇ ਦੱਸਿਆ ਕਿ ਮੁੱਖ ਤੌਰ ’ਤੇ ਪ੍ਰਮੁੱਖ ਭਾਰਤੀ ਇਸਪਾਤ ਕੰਪਨੀਆਂ ਦੀਆਂ ਸਮਰੱਥਾਵਾਂ ਵਿੱਚ ਵਾਧੇ ਦੇ ਨਾਲ-ਨਾਲ ਸਮਰੱਥਾ ਦਾ ਬਿਹਤਰ ਇਸਤੇਮਾਲ ਕਰਨ ਨਾਲ ਉਤਪਾਦਨ ’ਚ ਵਾਧਾ ਹੋਇਆ।

ਦੂਜੀ ਛਿਮਾਹੀ ’ਚ ਵੀ ਵਧੇਗਾ ਸਟੀਲ ਉਤਪਾਦਨ

ਸਟੀਲਮਿੰਟ ਮੁਤਾਬਕ ਇਹ ਕਾਰਕ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਵੀ ਉਤਪਾਦਨ ਵਿੱਚ ਵਾਧੇ ਦਾ ਸਮਰਥਨ ਕਰਦੇ ਰਹਿਣਗੇ। ਤਿਆਰ ਸਟੀਲ ਦੀ ਘਰੇਲੂ ਖਪਤ ਵੀ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 5.575 ਕਰੋੜ ਟਨ ਤੋਂ 4.77 ਫ਼ੀਸਦੀ ਵਧ ਕੇ 6.399 ਕਰੋੜ ਟਨ ਹੋ ਗਈ। ਇਸ ਦੌਰਾਨ ਦੇਸ਼ ਦਾ ਐਕਸਪੋਰਟ ਅਪ੍ਰੈਲ-ਸਤੰਬਰ 2022-23 ਵਿੱਚ 36 ਲੱਖ ਟਨ ਤੋਂ 10.25 ਫ਼ੀਸਦੀ ਘਟ ਕੇ 32.3 ਲੱਖ ਟਨ ਹੋ ਗਿਆ। ਸਾਲਾਨਾ ਆਧਾਰ ’ਤੇ ਐਕਸਪੋਰਟ 25.6 ਲੱਖ ਟਨ ਤੋਂ 13.33 ਫ਼ੀਸਦੀ ਵਧ ਕੇ 29 ਲੱਖ ਟਨ ਹੋ ਗਿਆ। ਚੋਟੀ ਦੀਆਂ 6 ਕੰਪਨੀਆਂ ਟਾਟਾ ਸਟੀਲ, ਜੇ. ਐੱਸ. ਡਬਲਯੂ. ਸਟੀਲ, ਜਿੰਦਲ ਸਟੀਲ ਐਂਡ ਪਾਵਰ (ਜੇ. ਐੱਸ. ਪੀ.), ਏ. ਐੱਮ. ਐੱਨ. ਐੱਸ. ਇੰਡੀਆ, ਸੇਲ ਅਤੇ ਆਰ. ਆਈ. ਐੱਨ. ਐੱਲ. ਦਾ ਸਾਮੂਹਿਕ ਉਤਪਾਦਨ 4.124 ਕਰੋੜ ਟਨ ਰਿਹਾ, ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਇਹ 3.83 ਕਰੋੜ ਟਨ ਸੀ।

rajwinder kaur

This news is Content Editor rajwinder kaur