ਭਾਰਤ ਦੀ ਸੇਬ ਬਰਾਮਦ 82 ਫ਼ੀਸਦੀ ਵਧੀ, ਦਰਾਮਦ ’ਚ 3.8 ਫ਼ੀਸਦੀ ਦਾ ਵਾਧਾ : ਵਣਜ ਮੰਤਰਾਲਾ

01/18/2022 11:09:07 AM

ਨਵੀਂ ਦਿੱਲੀ (ਭਾਸ਼ਾ) - ਭਾਰਤੀ ਸੇਬ ਦੀ ਬਰਾਮਦ 2014 ਤੋਂ ਬਾਅਦ ਲਗਭਗ 82 ਫ਼ੀਸਦੀ ਵਧੀ ਹੈ। ਉੱਥੇ ਹੀ ਇਸ ਮਿਆਦ ’ਚ ਸੇਬ ਦੀ ਦਰਾਮਦ ’ਚ ਮਾਮੂਲੀ 3.8 ਫ਼ੀਸਦੀ ਦਾ ਵਾਧਾ ਹੋਇਆ ਹੈ। ਵਣਜ ਮੰਤਰਾਲਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਬਰਾਮਦ ’ਚ ਵਾਧੇ ਨਾਲ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉਤਪਾਦਕਾਂ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਬਰਾਮਦ ਦੀਆਂ ਖੇਪਾਂ ਨੂੰ ਵਧਾਉਣ ’ਚ ਮਦਦ ਮਿਲ ਰਹੀ ਹੈ। ਅੰਕੜਿਆਂ ਅਨੁਸਾਰ ਕੀਮਤ ਦੇ ਸੰਦਰਭ ’ਚ, ਬਰਾਮਦ ਸਾਲ 2020-21 ’ਚ ਵਧ ਕੇ 1 ਕਰੋਡ਼ 44.5 ਲੱਖ ਡਾਲਰ ਦਾ ਹੋ ਗਿਆ, ਜੋ ਸਾਲ 2014-15 ’ਚ 86 ਲੱਖ ਡਾਲਰ ਦਾ ਹੋਇਆ ਕਰਦਾ ਸੀ।

ਦੂਜੇ ਪਾਸੇ ਦਰਾਮਦ ਸਾਲ 2020-21 ’ਚ 3.8 ਫ਼ੀਸਦੀ ਵਧ ਕੇ 24 ਕਰੋਡ਼ ਡਾਲਰ ਦੀ ਹੋ ਗਈ, ਜੋ ਸਾਲ 2014-15 ’ਚ 23.08 ਕਰੋਡ਼ ਡਾਲਰ ਦੀ ਸੀ। ਭਾਰਤ ’ਚ ਦਰਾਮਦ ਹੋਣ ਵਾਲਾ ਲਗਭਗ 82 ਫ਼ੀਸਦੀ ਸੇਬ ਚਿਲੀ, ਨਿਊਜ਼ੀਲੈਂਡ, ਤੁਰਕੀ, ਇਟਲੀ, ਬ੍ਰਾਜ਼ੀਲ ਅਤੇ ਅਮਰੀਕਾ ਤੋਂ ਆਉਂਦਾ ਹੈ। ਭਾਰਤ ਦੀ ਦਰਾਮਦ ਦਾ ਇਕ-ਚੌਥਾਈ ਹਿੱਸਾ ਚਿਲੀ ਦਾ ਹੈ। ਇਸ ਤੋਂ ਬਾਅਦ ਨਿਊਜ਼ੀਲੈਂਡ (16.45 ਫ਼ੀਸਦੀ), ਤੁਰਕੀ (12.43 ਫ਼ੀਸਦੀ) ਅਤੇ ਇਟਲੀ (10.8 ਫ਼ੀਸਦੀ) ਦਾ ਸਥਾਨ ਰਿਹਾ। ਭਾਰਤ ਨੂੰ ਸੇਬ ਦੇ ਛੋਟੇ ਸਪਲਾਇਰਾਂ ’ਚ ਅਪ੍ਰੈਲ-ਨਵੰਬਰ 2021-22 ਦੌਰਾਨ ਈਰਾਨ (7.73 ਫ਼ੀਸਦੀ), ਯੂ. ਏ. ਈ. (3.29 ਫ਼ੀਸਦੀ) ਅਤੇ ਅਫਗਾਨਿਸਤਾਨ (0.43 ਫ਼ੀਸਦੀ) ਸ਼ਾਮਲ ਹਨ। ਸੇਬ ਬਰਾਮਦ ਨੂੰ ਹੋਰ ਅੱਗੇ ਵਧਾਉਣ ਲਈ ਸਰਕਾਰ ਵੱਖ-ਵੱਖ ਕਦਮ ਉਠਾ ਰਹੀ ਹੈ।

Harinder Kaur

This news is Content Editor Harinder Kaur