ਯਾਤਰਾਵਾਂ ਵਧਣ ਨਾਲ ਮਈ ’ਚ ਈਂਧਨ ਦੀ ਵਿਕਰੀ ’ਚ 56 ਫ਼ੀਸਦੀ ਦਾ ਉਛਾਲ

06/02/2022 1:44:46 PM

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਮਈ ’ਚ ਜ਼ਿਕਰਯੋਗ ਰੂਪ ’ਚ ਵਧੀ ਹੈ। ਇਸ ਦਾ ਕਾਰਨ ਵਧਦੀ ਗਰਮੀ ਅਤੇ ਸਿੱਖਿਆ ਸੰਸਥਾਨਾਂ ’ਚ ਛੁੱਟੀਆਂ ਪੈਣ ਦੀ ਵਜ੍ਹਾ ਨਾਲ ਲੋਕਾਂ ਦਾ ਦੂਜੇ ਸ਼ਹਿਰਾਂ ਦੀ ਯਾਤਰਾ ’ਤੇ ਨਿਕਲਣਾ ਹੈ। ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀਆਂ ਦੇ ਪ੍ਰਚੂਨ ਈਂਧਨ ਵਿਕਰੀ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ ਮਈ ’ਚ ਪੈਟਰੋਲ ਦੀ ਵਿਕਰੀ 28 ਲੱਖ ਟਨ ਰਹੀ, ਜੋ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 55.7 ਫ਼ੀਸਦੀ ਜ਼ਿਆਦਾ ਹੈ। ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਅਰਥਵਿਵਸਥਾ ’ਤੇ ਕਾਫ਼ੀ ਉਲਟ ਅਸਰ ਪਿਆ ਸੀ। ਈਂਧਨ ਪ੍ਰਚੂਨ ਵਿਕਰੀ ਕਾਰੋਬਾਰ ’ਚ ਸਰਕਾਰੀ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ ਲਗਭਗ 90 ਫ਼ੀਸਦੀ ਹੈ।

ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਦੀ ਖਪਤ ਮਈ, 2020 ਦੀ ਮੰਗ ਦੇ ਮੁਕਾਬਲੇ 76 ਫ਼ੀਸਦੀ ਜਦੋਂ ਕਿ ਕੋਵਿਡ ਤੋਂ ਪਹਿਲਾਂ ਦੇ ਪੱਧਰ ਮਈ, 2019 ਦੇ 25 ਲੱਖ ਟਨ ਦੇ ਮੁਕਾਬਲੇ 12 ਫ਼ੀਸਦੀ ਜ਼ਿਆਦਾ ਹੈ। ਮਹੀਨਾਵਾਰੀ ਆਧਾਰ ’ਤੇ ਵਿਕਰੀ 8.2 ਫ਼ੀਸਦੀ ਵਧੀ।

ਦੇਸ਼ ’ਚ ਸਭ ਤੋਂ ਜ਼ਿਆਦਾ ਖਪਤ ਵਾਲੇ ਈਂਧਨ ਡੀਜ਼ਲ ਦੀ ਵਿਕਰੀ ਮਈ ’ਚ ਸਾਲਾਨਾ ਆਧਾਰ ’ਤੇ 39.4 ਫ਼ੀਸਦੀ ਉੱਛਲ ਕੇ 68.2 ਲੱਖ ਟਨ ਰਹੀ। ਇਹ ਇਸ ਸਾਲ ਅਪ੍ਰੈਲ ਦੇ 67 ਲੱਖ ਟਨ ਦੇ ਮੁਕਾਬਲੇ 1.8 ਫ਼ੀਸਦੀ ਜ਼ਿਆਦਾ ਹੈ। ਹਾਲਾਂਕਿ, ਇਹ ਮਈ, 2019 ਦੇ ਮੁਕਾਬਲੇ 2.3 ਫ਼ੀਸਦੀ ਘੱਟ ਹੈ। ਉਦਯੋਗ ਸੂਤਰਾਂ ਨੇ ਕਿਹਾ ਕਿ ਪਿਛਲੇ ਮਹੀਨੇ ਉੱਚੀਆਂ ਕੀਮਤਾਂ ਤੋਂ ਬਾਅਦ ਮੁੱਲ ਘੱਟ ਹੋਣ ਨਾਲ ਮਈ ’ਚ ਖਪਤ ਵਧੀ ਹੈ। ਇਸ ਤੋਂ ਇਲਾਵਾ ਕਮਜ਼ੋਰ ਮੁਕਾਬਲਤਨ ਆਧਾਰ ਨਾਲ ਵੀ ਵਿਕਰੀ ਜ਼ਿਆਦਾ ਰਹੀ ਹੈ।

Harinder Kaur

This news is Content Editor Harinder Kaur