ਓਪੇਕ ਦੇਸ਼ ਤੇਲ ਉਤਪਾਦਨ ’ਚ ਕਰਨਗੇ ਕਟੌਤੀ, ਵਧ ਸਕਦੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

12/08/2019 2:03:22 AM

ਨਵੀਂ ਦਿੱਲੀ (ਇੰਟ.)-ਤੇਲ ਉਤਪਾਦਕਾਂ ਦੇ ਮੰਚ ਓਪੇਕ ਦੇ ਮੈਂਬਰ ਦੇਸ਼ਾਂ ਅਤੇ ਰੂਸ ਵਰਗੇ ਉਨ੍ਹਾਂ ਦੇ ਹੋਰ ਮਿੱਤਰ ਉਤਪਾਦਕ ਦੇਸ਼ਾਂ ਵਿਚਾਲ ੇ ਕੱਚੇ ਤੇਲ ਦੇ ਰੋਜ਼ਾਨਾ ਉਤਪਾਦਨ ’ਚ 5 ਲੱਖ ਬੈਰਲ ਦੀ ਵਾਧੂ ਕਮੀ ਕੀਤੇ ਜਾਣ ਦੀ ਸਹਿਮਤੀ ਬਣ ਗਈ ਹੈ। ਇਹ ਕਟੌਤੀ ਉਤਪਾਦਨ ਦਾ ਪੱਧਰ ਘੱਟ ਰੱਖਣ ਲਈ ਉਨ੍ਹਾਂ ਦਰਮਿਆਨ ਇਸ ਸਮੇਂ ਚੱਲ ਰਹੀ ਸਹਿਮਤੀ ਤੋਂ ਇਲਾਵਾ ਹੈ।

ਵਿਅਾਨਾ ’ਚ ਓਪੇਕ ਦੇ ਹੈੱਡਕੁਆਰਟਰ ’ਤੇ ਇਨ੍ਹਾਂ ਦੇਸ਼ਾਂ ਦੇ ਮੰਤਰੀ ਲੰਮੀ ਸਿਰ-ਖਪਾਈ ਤੋਂ ਬਾਅਦ ਨਵੇਂ ਕਰਾਰ ’ਤੇ ਪੁੱਜੇ। ਉਤਪਾਦਕ ਦੇਸ਼ਾਂ ਦਾ ਮੰਨਣਾ ਹੈ ਕਿ ਇਸ ਸਮੇਂ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਸਪਲਾਈ ਜ਼ਰੂਰਤ ਤੋਂ ਜ਼ਿਆਦਾ ਹੈ, ਇਸ ਨਾਲ ਕੀਮਤਾਂ ਹੇਠਾਂ ਆਉਣ ਦਾ ਖਦਸ਼ਾ ਹੈ। ਓਪੇਕ ਦੇਸ਼ਾਂ ਦੇ ਇਸ ਫੈਸਲੇ ਨਾਲ ਆਉਣ ਵਾਲੇ ਦਿਨਾਂ ’ਚ ਭਾਰਤ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋ ਸਕਦਾ ਹੈ।

1 ਜਨਵਰੀ ਤੋਂ ਲਾਗੂ ਹੋਵੇਗਾ ਫੈਸਲਾ
ਬੈਠਕ ਤੋਂ ਬਾਅਦ ਜਾਰੀ ਬਿਆਨ ’ਚ ਕਿਹਾ ਗਿਆ ਕਿ ਮੰਤਰੀਆਂ ਨੇ ਰੋਜ਼ਾਨਾ ਉਤਪਾਦਨ ’ਚ 5 ਲੱਖ ਬੈਰਲ ਦੀ ਹੋਰ ਕਮੀ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ 1 ਜਨਵਰੀ 2020 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ’ਚ ਪਿਛਲੇ ਸਾਲ ਦਸੰਬਰ ’ਚ ਉਤਪਾਦਨ ਨੂੰ ਅਕਤੂਬਰ 2018 ਦੇ ਪੱਧਰ ਤੋਂ 12 ਲੱਖ ਬੈਰਲ ਘੱਟ ਕਰਨ ਦਾ ਸਮਝੌਤਾ ਹੋਇਆ ਸੀ। ਜੁਲਾਈ ’ਚ ਇਸ ਸਮਝੌਤੇ ਨੂੰ ਹੋਰ ਅੱਗੇ ਲਈ ਪ੍ਰਭਾਵੀ ਕਰ ਦਿੱਤਾ ਗਿਆ। ਕਟੌਤੀ ਮਾਰਚ 2020 ਤੱਕ ਬਣਾਈ ਰੱਖਣ ਦਾ ਫੈਸਲਾ ਹੋਇਆ ਸੀ।

ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ
ਇਸ ਤੋਂ ਪਹਿਲਾਂ ਭਾਰਤ ਦੀ ਅਕਤੂਬਰ ’ਚ ਓਪੇਕ ਤੋਂ ਤੇਲ ਦਰਾਮਦ ਡਿੱਗ ਕੇ 73 ਫ਼ੀਸਦੀ ’ਤੇ ਆ ਗਈ ਸੀ। ਇਹ ਸਾਲ 2011 ਦੇ ਬਾਅਦ ਤੋਂ ਇਕ ਮਹੀਨੇ ’ਚ ਸਭ ਤੋਂ ਘੱਟ ਰਹੀ ਸੀ। ਹੁਣ ਅਮਰੀਕਾ ਅਤੇ ਦੂਜੇ ਸਪਲਾਇਰ ਦੇਸ਼ਾਂ ਤੋਂ ਤੇਲ ਦੀ ਸਪਲਾਈ ਵਧੀ। ਭਾਰਤ ਆਮ ਤੌਰ ’ਤੇ ਆਰਗੇਨਾਈਜ਼ੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ (ਓਪੇਕ) ਦੇ ਦੇਸ਼ਾਂ ਤੋਂ ਆਪਣੀ ਜ਼ਰੂਰਤ ਦਾ 80 ਫ਼ੀਸਦੀ ਤੇਲ ਦਰਾਮਦ ਕਰਦਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ।

Karan Kumar

This news is Content Editor Karan Kumar