ਦੁੱਧ, ਅੰਡੇ, ਮਾਸ ਦੇ ਉਤਪਾਦਨ ’ਚ 2022-23 ਤੋਂ ਪਿਛਲੇ 5 ਸਾਲਾਂ ਦੌਰਾਨ ਹੋਇਆ ਜ਼ਿਕਰਯੋਗ ਵਾਧਾ

11/27/2023 10:35:35 AM

ਗੁਹਾਟੀ (ਭਾਸ਼ਾ)- ਦੁੱਧ, ਅੰਡੇ ਅਤੇ ਮਾਸ ਦੇ ਉਤਪਾਦਨ ’ਚ 2022-23 ਤੋਂ ਪਿਛਲੇ 5 ਸਾਲਾਂ ਦੌਰਾਨ ਜ਼ਿਕਰਯੋਗ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਪਰਸ਼ੋਤਮ ਰੁਪਾਲਾ ਵੱਲੋਂ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਇਸ ਦੌਰਾਨ ਊਨ ਦੇ ਉਤਪਾਦਨ ’ਚ ਗਿਰਾਵਟ ਆਈ। ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਨੇ ਰਾਸ਼ਟਰੀ ਦੁੱਧ ਦਿਵਸ ਪ੍ਰੋਗਰਾਮ ਦੌਰਾਨ ਮੁੱਢਲੇ ਪਸ਼ੂ ਪਾਲਣ ਅੰਕੜੇ 2023 ਦੀ ਰਿਪੋਰਟ ਜਾਰੀ ਕੀਤੀ। ਇਹ ਰਿਪੋਰਟ ਪਸ਼ੂਧਨ ਏਕੀਕ੍ਰਿਤ ਨਮੂਨਾ ਸਰਵੇਖਣ (ਮਾਰਚ 2022 ਤੋਂ ਫਰਵਰੀ 2023) ’ਤੇ ਆਧਾਰਿਤ ਹੈ। 

ਇਹ ਸਰਵੇਖਣ ਦੇਸ਼ ਭਰ ’ਚ ਤਿੰਨ ਮੌਸਮਾਂ-ਗਰਮੀਆਂ (ਮਾਰਚ-ਜੂਨ), ਮਾਨਸੂਨ (ਜੁਲਾਈ-ਅਕਤੂਬਰ) ਅਤੇ ਸਰਦੀਆਂ (ਨਵੰਬਰ-ਫਰਵਰੀ) ’ਚ ਕੀਤਾ ਜਾਂਦਾ ਹੈ। ਇਕ ਰਿਪੋਰਟ ’ਚ ਕਿਹਾ ਗਿਆ ਕਿ ਸਾਲ 2022-23 ਦੌਰਾਨ ਦੇਸ਼ ’ਚ ਦੁੱਧ ਦਾ ਉਤਪਾਦਨ 23.05 ਕਰੋੜ ਟਨ ਹੋਣ ਦਾ ਅਨੁਮਾਨ ਹੈ। ਇਸ ’ਚ ਪਿਛਲੇ 5 ਸਾਲਾਂ ’ਚ 22.81 ਫ਼ੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ’ਚ ਕਿਹਾ ਗਿਆ ਕਿ ਸਾਲ 2022-23 ਦੌਰਾਨ ਦੁੱਧ ਉਤਪਾਦਨ ’ਚ ਸਭ ਤੋਂ ਅੱਗੇ ਉੱਤਰ ਪ੍ਰਦੇਸ਼ ਸੀ, ਜਿਸ ਦਾ ਕੁੱਲ ਦੁੱਧ ਉਤਪਾਦਨ ’ਚ ਹਿੱਸਾ 15.72 ਫੀਸਦੀ ਸੀ। 

ਇਸ ਤੋਂ ਬਾਅਦ ਰਾਜਸਥਾਨ (14.44 ਫ਼ੀਸਦੀ), ਮੱਧ ਪ੍ਰਦੇਸ਼ (8.73 ਫ਼ੀਸਦੀ), ਗੁਜਰਾਤ (7.49 ਫ਼ੀਸਦੀ) ਅਤੇ ਆਂਧਰਾ ਪ੍ਰਦੇਸ਼ (6.70 ਫ਼ੀਸਦੀ) ਦਾ ਨੰਬਰ ਆਉਂਦਾ ਸੀ। ਰਿਪੋਰਟ ’ਚ ਕਿਹਾ ਗਿਆ ਕਿ ਦੇਸ਼ ’ਚ ਕੁੱਲ ਅੰਡੇ ਦਾ ਉਤਪਾਦਨ 138.38 ਅਰਬ ਹੋਣ ਦਾ ਅਨੁਮਾਨ ਹੈ। ਕੁੱਲ ਮਾਸ ਉਤਪਾਦਨ ’ਚ 12.20 ਫ਼ੀਸਦੀ ਹਿੱਸੇਦਾਰੀ ਨਾਲ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਪੱਛਮੀ ਬੰਗਾਲ (11.93 ਫ਼ੀਸਦੀ), ਮਹਾਰਾਸ਼ਟਰ (11.50 ਫ਼ੀਸਦੀ), ਆਂਧਰਾ ਪ੍ਰਦੇਸ਼ (11.20 ਫ਼ੀਸਦੀ) ਅਤੇ ਤੇਲੰਗਾਨਾ (11.06 ਫ਼ੀਸਦੀ) ਦਾ ਨੰਬਰ ਆਉਂਦਾ ਹੈ।

rajwinder kaur

This news is Content Editor rajwinder kaur