ITR ਫਾਈਲ ਕਰਨਾ ਹੋਣ ਜਾ ਰਿਹੈ ਸੌਖਾ, ਲਾਂਚ ਹੋਵੇਗਾ ਇਹ ਫਾਰਮ

08/19/2019 3:23:33 PM

ਨਵੀਂ ਦਿੱਲੀ— ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਫਾਈਲ ਕਰਨਾ ਜਲਦ ਸੌਖਾ ਹੋਣ ਜਾ ਰਿਹਾ ਹੈ। ਹੁਣ ਫਾਰਮ 'ਚ ਮਿਊਚਲ ਫੰਡਸ, ਇਕੁਇਟੀ 'ਤੇ ਨੁਕਸਾਨ ਅਤੇ ਇੰਟਰਸਟ ਤੋਂ ਕਮਾਈ ਆਦਿ ਦਾ ਵੇਰਵਾ ਦੇਣਾ ਬੇਹੱਦ ਆਸਾਨ ਹੋ ਜਾਵੇਗਾ। ਆਈ. ਟੀ. ਆਰ. ਫਾਰਮ 'ਚ ਇਹ ਸਭ ਜਾਣਕਾਰੀ ਪਹਿਲਾਂ ਹੀ ਭਰੀ ਮਿਲੇਗੀ, ਤੁਹਾਨੂੰ ਸਿਰਫ ਇਨ੍ਹਾਂ ਨੂੰ ਚੈੱਕ ਕਰਕੇ ਫਾਰਮ ਸਬਮਿਟ ਕਰਨਾ ਹੋਵੇਗਾ।

 

ਨਵਾਂ ਪ੍ਰੀ-ਫਿਲਡ ਰਿਟਰਨ ਫਾਰਮ ਲਾਂਚ ਕਰਨ ਤੋਂ ਪਹਿਲਾਂ ਰੈਵੇਨਿਊ ਵਿਭਾਗ ਬਾਜ਼ਾਰ ਰੈਗੂਲੇਟਰ ਸੇਬੀ ਨਾਲ ਗੱਲਬਾਤ ਕਰ ਰਿਹਾ ਹੈ, ਤਾਂ ਜੋ ਟੈਕਸਦਾਤਾਵਾਂ ਦੇ ਨਿਵੇਸ਼ ਦਾ ਬਿਓਰਾ ਹਾਸਲ ਕਰਨ 'ਚ ਸੌਖਾਈ ਹੋਵੇ। ਇਕ ਅਧਿਕਾਰੀ ਨੇ ਕਿਹਾ ਕਿ ਪ੍ਰੀ-ਫਿਲਡ ਫਾਰਮ ਨਾਲ ਇਹ ਵੀ ਯਕੀਨੀ ਹੋਵੇਗਾ ਕਿ ਟੈਕਸਦਾਤਾ ਕੋਈ ਇਨਕਮ ਨਾ ਲੁਕਾ ਸਕੇ ਤੇ ਵਿਭਾਗ ਨੂੰ ਪੂਰਾ ਟੈਕਸ ਮਿਲੇ।

ਉੱਥੇ ਹੀ, ਸਰਕਾਰ ਦੀ ਇਹ ਵੀ ਕੋਸ਼ਿਸ ਹੈ ਕਿ ਟੈਕਸਦਾਤਾਵਾਂ ਨੂੰ ਟੈਕਸ ਅਧਿਕਾਰੀ ਪ੍ਰੇਸ਼ਾਨ ਨਾ ਕਰਨ। ਇਨਕਮ ਟੈਕਸ ਵਿਭਾਗ ਕਿਸੇ ਵੱਲੋਂ ਨਿਰਧਾਰਤ ਲਿਮਟ ਤੋਂ ਉੱਪਰ ਕੀਤੇ ਗਏ ਖਰਚਿਆਂ ਜਿਵੇਂ ਕ੍ਰੈਡਿਟ ਕਾਰਡ ਖਰਚ ਤੇ ਮਿਊਚਲ ਫੰਡ 'ਚ ਨਿਵੇਸ਼ 'ਤੇ ਨਜ਼ਰ ਰੱਖਣ ਲਈ ਤਕਨਾਲੋਜੀ ਦਾ ਇਸਤੇਮਾਲ ਕਰ ਰਿਹਾ ਹੈ। ਮੌਜੂਦਾ ਸਮੇਂ ਪ੍ਰੀ-ਫਿਲਡ ਆਈ. ਟੀ. ਆਰ. ਫਾਰਮ-1 ਤੇ 2 'ਚ ਨਿੱਜੀ ਜਾਣਕਾਰੀ, ਨੌਕਰੀਦਾਤਾ, ਟੈਕਸ ਛੋਟ ਅਲਾਊਂਸ, ਟੀ. ਡੀ. ਐੱਸ. ਆਦਿ ਦੀ ਜਾਣਕਾਰੀ ਹੁੰਦੀ ਹੈ। ਹੁਣ ਇਸ 'ਚ ਕਮਾਈ ਦੇ ਹੋਰ ਸਰੋਤਾਂ ਦੀ ਜਾਣਕਾਰੀ ਵੀ ਜਲਦ ਭਰੀ ਮਿਲੇਗੀ ਅਤੇ ਤੁਹਾਨੂੰ ਬਸ ਇਸ ਨੂੰ ਚੈੱਕ ਕਰਨਾ ਹੋਵੇਗਾ। ਪ੍ਰੀ-ਫਿਲਡ ਫਾਰਮ 'ਚ ਫਾਰਮ-16 ਤੋਂ ਸੈਲਰੀ ਦੀ ਜਾਣਕਾਰੀ ਖੁਦ ਹੀ ਲੋਡ ਹੋਵੇਗੀ। ਇਨਕਮ ਟੈਕਸ ਯੂਟਿਲਟੀ ਖੁਦ ਹੀ ਤੁਹਾਡੇ ਸਾਰੇ ਬਚਤ ਖਾਤਿਆਂ ਤੋਂ ਵਿਆਜ ਕਮਾਈ ਦੀ ਜਾਣਕਾਰੀ ਹਾਸਲ ਕਰ ਲਵੇਗਾ।