ਨਿਯਮਾਂ ’ਚ ਬਦਲਾਅ ਨਾਲ ਮਾਰਚ ਤੱਕ ਬੰਦ ਹੋ ਜਾਣਗੇ 50% ATM

01/11/2019 12:28:28 PM

ਮੁੰਬਈ — ਏ. ਟੀ. ਐੱਮ. ਦੇ ਹਾਰਡਵੇਅਰ, ਸਾਫਟਵੇਅਰ, ਮੈਨੇਜਮੈਂਟ ਦੇ ਮਾਪਦੰਡਾਂ ਅਤੇ ਅਪਗ੍ਰੇਡ ’ਚ ਬਦਲਾਅ ਕਾਰਨ ਦੇਸ਼ ਦੇ 50 ਫ਼ੀਸਦੀ ਏ. ਟੀ. ਐੱਮ. ਮਾਰਚ ਤੱਕ ਬੰਦ ਹੋ ਸਕਦੇ ਹਨ, ਕਨਫੈੱਡਰੇਸ਼ਨ ਆਫ ਏ. ਟੀ. ਐੱਮ. ਇੰਡਸਟਰੀ (ਸੀ. ਏ. ਟੀ. ਐੱਮ. ਆਈ.) ਵਲੋਂ ਇਹ ਖਦਸ਼ਾ ਪ੍ਰਗਟਾਇਆ ਜਾ ਚੁੱਕਾ ਹੈ। ਅੱਧੇ ਏ. ਟੀ. ਐੱਮ. ਬੰਦ ਹੋ ਜਾਣ ਨਾਲ ਬੈਂਕਾਂ ’ਚ ਫਿਰ ਤੋਂ ਭੀੜ ਵਧ ਜਾਵੇਗੀ ਅਤੇ ਲੋਕਾਂ ਨੂੰ ਪਹਿਲਾਂ ਵਾਂਗ ਲਾਈਨ ’ਚ ਲੱਗ ਕੇ ਪੈਸੇ ਕਢਵਾਉਣੇ ਪੈਣਗੇ। ਏ. ਟੀ. ਐੱਮ. ਬੰਦ ਹੋਣ ਦੀ ਮਾਰ ਨੋਟਬੰਦੀ ਵਾਂਗ ਸਾਬਤ ਹੋ ਸਕਦੀ ਹੈ। ਇਸ ਕਾਰਨ ਜਿੱਥੇ ਆਮ ਲੋਕਾਂ ਨੂੰ ਮੁਸ਼ਕਿਲ ਝੱਲਣੀ ਪਵੇਗੀ, ਉਥੇ ਹੀ ਬੈਂਕਾਂ ’ਤੇ ਵੀ ਕੰਮ ਦਾ ਬੋਝ ਵਧ ਜਾਵੇਗਾ।

ਜਾਣਕਾਰੀ ਮੁਤਾਬਕ ਏ. ਟੀ. ਐੱਮ. ’ਚ ਕੈਸ਼ ਪਾਉਣ ਲਈ ਕੈਸੇਟ ਸਵਾਈਪ ਮੈਥੇਡ ’ਚ ਬਦਲਾਅ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੰਪਨੀਆਂ ਵਲੋਂ ਏ. ਟੀ. ਐੱਮ. ਚਲਾਉਣਾ ਮੁਸ਼ਕਿਲ ਹੋ ਜਾਵੇਗਾ ਤੇ ਕੰਪਨੀਆਂ ਨੂੰ ਮਜਬੂਰਨ ਇਨ੍ਹਾਂ ਨੂੰ ਬੰਦ ਕਰਨਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਕੈਸ਼ ਲਾਜਿਸਟਿਕਸ ਅਤੇ ਕੈਸੇਟ ਸਵਾਈਪ ਦੇ ਨਵੇਂ ਮੈਥੇਡ ’ਤੇ ਕਰੀਬ 3,000 ਕਰੋਡ਼ ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਏ. ਟੀ. ਐੱਮ. ਲਈ ਦੂਜੇ ਮਾਪਦੰਡਾਂ ’ਚ ਵੀ ਬਦਲਾਅ ਕੀਤਾ ਗਿਆ ਹੈ। ਏ. ਟੀ. ਐੱਮ. ਚਲਾਉਣ ਵਾਲੀਅਾਂ ਕੰਪਨੀਆਂ ਦੇ ਕੋਲ ਇੰਨੀ ਵੱਡੀ ਰਕਮ ਖਰਚ ਕਰਨ ਲਈ ਪੈਸੇ ਨਹੀਂ ਹਨ।

ਮੌਜੂਦਾ ਸਮੇਂ ’ਚ ਦੇਸ਼ ’ਚ ਲਗਭਗ 2.38 ਲੱਖ ਏ. ਟੀ. ਐੱਮ. ਹਨ, ਇਨ੍ਹਾਂ ਰਾਹੀਂ ਵੱਡੀ ਗਿਣਤੀ ’ਚ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, ਜੇਕਰ ਅੱਧੇ ਬੰਦ ਹੋ ਜਾਣਗੇ ਤਾਂ ਇਸ ਦਾ ਬੇਹੱਦ ਬੁਰਾ ਅਸਰ ਪਵੇਗਾ। ਏ. ਟੀ. ਐੱਮ. ਦੇ ਬੰਦ ਹੋਣ ਨਾਲ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਅਾਂ ਜਾਣਗੀਅਾਂ।

1 ਲੱਖ ਆਫਸਾਈਡ, 15,000 ਵ੍ਹਾਈਟ ਲੇਬਲ

ਦੱਸਿਆ ਜਾ ਰਿਹਾ ਹੈ ਕਿ ਏ. ਟੀ. ਐੱਮ. ਚਲਾਉਣ ਵਾਲੀਅਾਂ ਕੰਪਨੀਆਂ ਮਾਰਚ 2019 ਤੱਕ ਕਰੀਬ 1.13 ਲੱਖ ਏ. ਟੀ. ਐੱਮ. ਬੰਦ ਕਰਨ ਨੂੰ ਮਜਬੂਰ ਹੋ ਜਾਣਗੀਅਾਂ। ਬੰਦ ਹੋਣ ਵਾਲੇ ਏ. ਟੀ. ਐੱਮ. ’ਚੋਂ ਕਰੀਬ 1 ਲੱਖ ਆਫਸਾਈਡ ਏ. ਟੀ. ਐੱਮ. ਹੋਣਗੇ, ਜਦਕਿ 15,000 ਤੋਂ ਜ਼ਿਆਦਾ ਵ੍ਹਾਈਟ ਲੇਬਲ ਏ. ਟੀ. ਐੱਮ. ਹੋਣਗੇ। ਜ਼ਿਆਦਾਤਰ ਏ. ਟੀ. ਐੱਮ. ਗੈਰ-ਸ਼ਹਿਰੀ ਖੇਤਰਾਂ ਤੋਂ ਹੋਣਗੇ, ਇਹ ਉਨ੍ਹਾਂ ਥਾਵਾਂ ’ਤੇ ਲੱਗੇ ਹਨ, ਜਿੱਥੇ ਪਹਿਲਾਂ ਤੋਂ ਏ. ਟੀ. ਐੱਮ. ਦੀ ਕਾਫ਼ੀ ਕਮੀ ਹੈ। ਅਜਿਹੇ ’ਚ ਗੈਰ-ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਵੱਡੀ ਮੁਸ਼ਕਿਲ ਝੱਲਣੀ ਪਵੇਗੀ ਕਿਉਂਕਿ ਉਥੇ ਇਕ ਪਾਸੇ ਜਿੱਥੇ ਏ. ਟੀ. ਐੱਮ. ਘੱਟ ਹਨ, ਉਥੇ ਹੀ ਬੈਂਕ ਵੀ ਦੂਰ-ਦੁਰਾਡੇ ਦੇ ਇਲਾਕਿਆਂ ’ਚ ਸਥਿਤ ਹਨ। ਇਸ ਨਾਲ ਕਮਜ਼ੋਰ ਵਰਗ ਦੇ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਦੇ ਘੇਰੇ ’ਚ ਲਿਆਉਣ ਦੀਅਾਂ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ, ਇਹ ਲੋਕ ਸਰਕਾਰੀ ਸਬਸਿਡੀ ਦਾ ਪੈਸਾ ਕਢਵਾਉਣ ਲਈ ਵੀ ਏ. ਟੀ. ਐੱਮ. ਦੀ ਵਰਤੋਂ ਕਰਦੇ ਹਨ।

ਬੈਂਕ ਖਰਚਾ ਚੁੱਕਣ ਤਾਂ ਹੋਵੇਗਾ ਹੱਲ

ਸੀ. ਏ. ਟੀ. ਐੱਮ. ਆਈ. ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਇਕਮਾਤਰ ਹੱਲ ਇਹ ਹੈ ਕਿ ਬੈਂਕ ਮਾਪਦੰਡਾਂ ਨੂੰ ਪੂਰਾ ਕਰਨ ’ਤੇ ਆਉਣ ਵਾਲੇ ਵਾਧੂ ਖਰਚੇ ਦਾ ਬੋਝ ਚੁੱਕਣ। ਉਸ ਨੇ ਕਿਹਾ ਹੈ ਕਿ ਜਦੋਂ ਤੱਕ ਏ. ਟੀ. ਐੱਮ. ਚਲਾਉਣ ਵਾਲੀਅਾਂ ਕੰਪਨੀਆਂ ਨੂੰ ਇਹ ਖਰਚਾ ਕਰਨ ’ਚ ਬੈਂਕਾਂ ਤੋਂ ਮਦਦ ਨਹੀਂ ਮਿਲਦੀ ਹੈ, ਉਦੋਂ ਤੱਕ ਵੱਡੀ ਗਿਣਤੀ ’ਚ ਏ. ਟੀ. ਐੱਮ. ਬੰਦ ਹੋਣ ਦੇ ਆਸਾਰ ਬਣੇ ਰਹਿਣਗੇ। ਬੈਂਕਾਂ ਨੂੰ ਜੇਕਰ ਕੰਮ ਦਾ ਬੋਝ ਵਧਣ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਉਕਤ ਰਾਸ਼ੀ ਖਰਚ ਕਰਨੀ ਪੈ ਸਕਦੀ ਹੈ। ਬੈਂਕਿੰਗ ਸੇਵਾ ’ਚ ਸੁਧਾਰ ਲਿਆਉਣ ਦੀਆਂ ਗੱਲਾਂ ਕੀਤੀਆਂ ਜਾ ਰਹੀ ਹਨ ਪਰ ਜੇਕਰ ਏ. ਟੀ. ਐੱਮ. ਬੰਦ ਹੋ ਜਾਣਗੇ ਤਾਂ ਇਸ ਦਾ ਉਲਟਾ ਅਸਰ ਪਵੇਗਾ, ਜਿਸ ਦੀ ਮਾਰ ਜਨਤਾ ਨੂੰ ਝੱਲਣੀ ਪਵੇਗੀ।