ਲੈਪਟਾਪ ਅਤੇ ਟੈਬਲੇਟ ਦੀ ਦਰਾਮਦ 42 ਫ਼ੀਸਦੀ ਵਧੀ, ਸਿੰਗਾਪੁਰ ਤੋਂ ਦਰਾਮਦ ''ਚ ਭਾਰੀ ਵਾਧਾ

11/20/2023 1:30:06 PM

ਬਿਜ਼ਨੈੱਸ ਡੈਸਕ - ਭਾਰਤ ਦਾ ਨਿੱਜੀ ਕੰਪਿਊਟਰ (ਲੈਪਟਾਪ ਅਤੇ ਟੈਬਲੇਟ) ਦਾ ਆਯਾਤ ਸਤੰਬਰ ਦੇ ਮਹੀਨੇ 42 ਫ਼ੀਸਦੀ ਵਧ ਕੇ 71.5 ਕਰੋੜ ਡਾਲਰ ਹੋ ਗਿਆ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਦੇਖੀ ਗਈ ਗਿਰਾਵਟ ਦੇ ਉਲਟ ਹੈ। ਸਰਕਾਰ ਦੁਆਰਾ ਅਗਸਤ ਦੇ ਮਹੀਨੇ 'ਚ ਇਸ ਤਰ੍ਹਾਂ ਦੇ ਇਲੈਕਟ੍ਰਾਨਿਕ ਹਾਰਡਵੇਅਰ ਦੇ ਆਯਾਤ 'ਤੇ ਪਾਬੰਦੀ ਲਗਾਉਣ ਦੇ ਐਲਾਨ ਤੋਂ ਬਾਅਦ ਇਹ ਤੇਜ਼ੀ ਆਈ ਹੈ। 

ਵਣਜ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਤਰ੍ਹਾਂ ਦੇ ਆਯਾਤ ਦੇ ਸਭ ਤੋਂ ਵੱਡੇ ਸਰੋਤ ਚੀਨ ਤੋਂ ਆਯਾਤ 'ਚ 33 ਫ਼ੀਸਦੀ, ਜਦਕਿ ਸਿੰਗਾਪੁਰ ਤੋਂ ਆਯਾਤ 'ਚ 188 ਫ਼ੀਸਦੀ ਦਾ ਵਾਧਾ ਹੋਇਆ ਹੈ। ਕੇਂਦਰ ਸਰਕਾਰ ਨੇ 3 ਅਗਸਤ ਨੂੰ ਐਲਾਨ ਕੀਤਾ ਸੀ ਕਿ ਉਹ ਸੂਚਨਾ  ਤਕਨਾਲੋਜੀ ਦੇ ਹਾਰਡਵੇਅਰ ਹਿੱਸੇ ਦੇ 7 ਉਤਪਾਦਾਂ ਦੇ ਨਿੱਜੀ ਕੰਪਿਊਟਰ, ਮਾਈਕ੍ਰੋ ਕੰਪਿਊਟਰ, ਮੇਨ ਫਰੇਮ ਕੰਪਿਊਟਰ, ਸੁਪਰ ਕੰਪਿਊਟਰ, ਕੰਪਿਊਟਰ ਸਿਸਟਮ ਅਤੇ ਡਾਟਾ ਪ੍ਰੋਸੈਸਿੰਗ ਯੂਨਿਟਾਂ ਨੂੰ 'ਪ੍ਰਤੀਬੰਧਿਤ' ਦੀ ਸ਼੍ਰੇਣੀ ਵਿੱਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ।

ਹਾਲਾਂਕਿ, ਕੇਂਦਰ ਨੇ ਲਾਗੂ ਕਰਨ ਦੀ ਇਸ ਯੋਜਨਾ ਨੂੰ 30 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਸੀ, ਕਿਉਂਕਿ ਉਦਯੋਗ ਨੇ ਇਸ ਪਾਬੰਦੀ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਸਨ। ਇਸ ਦਾ ਮੁੱਖ ਉਦੇਸ਼ ਚੀਨ ਤੋਂ ਆਯਾਤ 'ਤੇ ਨਿਰਭਰਤਾ ਨੂੰ ਘਟਾਉਣਾ ਅਤੇ ਭਰੋਸੇਯੋਗ ਸਪਲਾਈ ਚੇਨ ਨੂੰ ਯਕੀਨੀ ਬਣਾਉਣਾ ਸੀ। ਪਿਛਲੇ ਸਾਲ ਸਤੰਬਰ ਤੋਂ ਨਿੱਜੀ ਕੰਪਿਊਟਰਾਂ ਦੀ ਦਰਾਮਦ ਘਟ ਰਹੀ ਹੈ। ਅਗਸਤ 'ਚ ਅਜਿਹੀਆਂ ਦਰਾਮਦਾਂ 26 ਫ਼ੀਸਦੀ ਘਟ ਕੇ 53.5 ਕਰੋੜ ਡਾਲਰ ਰਹਿ ਗਈਆਂ ਸਨ। ਹਾਲਾਂਕਿ ਸਤੰਬਰ ਵਿੱਚ 7 ​​ਵਸਤੂਆਂ ਦੀ ਸਮੁੱਚੀ ਦਰਾਮਦ 34.2 ਫ਼ੀਸਦੀ ਘਟ ਕੇ 1 ਅਰਬ ਡਾਲਰ ਰਹਿ ਗਈ। 

ਵਿੱਤੀ ਸਾਲ 2023 ਦੇ ਅਪ੍ਰੈਲ-ਅਗਸਤ ਦੌਰਾਨ ਇਨ੍ਹਾਂ ਵਸਤਾਂ ਦੀ ਦਰਾਮਦ 20.5 ਫ਼ੀਸਦੀ ਘਟ ਕੇ 3.6 ਅਰਬ ਡਾਲਰ ਰਹਿ ਗਈ। ਵਿੱਤੀ ਸਾਲ 23 ਵਿੱਚ, ਭਾਰਤ ਨੇ ਲਾਇਸੈਂਸ ਪ੍ਰਣਾਲੀ ਦੇ ਤਹਿਤ ਇਹਨਾਂ 7 ਵਸਤੂਆਂ ਵਿੱਚੋਂ 8.8 ਅਰਬ ਡਾਲਰ ਦੀ ਦਰਾਮਦ ਕੀਤੀ, ਜਿਸ ਵਿੱਚੋਂ 5.1 ਅਰਬ  ਡਾਲਰ (58 ਫ਼ੀਸਦੀ) ਦੇ ਉਤਪਾਦ ਚੀਨ ਤੋਂ ਆਯਾਤ ਕੀਤੇ ਗਏ ਸਨ। ਨਿੱਜੀ ਕੰਪਿਊਟਰਾਂ ਤੋਂ ਇਲਾਵਾ, ਡਾਟਾ ਪ੍ਰੋਸੈਸਿੰਗ ਯੂਨਿਟਾਂ ਦੀ ਦਰਾਮਦ ਸਤੰਬਰ ਵਿੱਚ 33.5 ਫ਼ੀਸਦੀ ਵਧ ਕੇ 234.5 ਮਿਲੀਅਨ ਡਾਲਰ ਹੋ ਗਈ ਹੈ ਅਤੇ ਚੀਨ ਅਤੇ ਅਮਰੀਕਾ ਤੋਂ ਦਰਾਮਦ ਕ੍ਰਮਵਾਰ 25 ਫ਼ੀਸਦੀ ਅਤੇ 129 ਫ਼ੀਸਦੀ ਵਧੀ ਹੈ।

rajwinder kaur

This news is Content Editor rajwinder kaur