ਰੂਸ ਤੋਂ ਕੱਚੇ ਤੇਲ ਦਾ ਇੰਪੋਰਟ ਰਿਕਾਰਡ ਹਾਈ ’ਤੇ, ਭਾਰਤ ਨੇ ਮਈ ’ਚ ਰੋਜ਼ਾਨਾ ਦਰਾਮਦ ਕੀਤਾ 19.6 ਲੱਖ ਬੈਰਲ ਤੇਲ

06/05/2023 12:01:22 PM

ਨਵੀਂ ਦਿੱਲੀ (ਭਾਸ਼ਾ)- ਭਾਰਤ ਦਾ ਰੂਸ ਤੋਂ ਸਸਤੇ ਕੱਚੇ ਤੇਲ ਦਾ ਇੰਪੋਰਟ (ਦਰਾਮਦ) ਮਈ 2023 ’ਚ ਰਿਕਾਰਡ ਹਾਈ ’ਤੇ ਪਹੁੰਚ ਗਿਆ ਹੈ। ਇੰਡਸਟਰੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਹੁਣ ਰੂਸ ਤੋਂ ਦਰਾਮਦ ਕੱਚਾ ਤੇਲ ਸਾਊਦੀ ਅਰਬ, ਇਰਾਕ, ਸੰਯੁਕਤ ਅਰਬ ਅਮੀਰਾਤ ( ਯੂ. ਏ. ਈ.) ਅਤੇ ਅਮਰੀਕਾ ਤੋਂ ਖਰੀਦੇ ਗਏ ਕੁਲ ਤੇਲ ਦੇ ਅੰਕੜੇ ਨੂੰ ਵੀ ਪਾਰ ਕਰ ਗਿਆ ਹੈ। ਊਰਜਾ ਦੀ ਖੇਪ ਦੀ ਨਿਗਰਾਨੀ ਕਰਨ ਵਾਲੀ ਵਾਰਟੇਕਸਾ ਦੇ ਅੰਕੜਿਆਂ ਮੁਤਾਬਕ ਭਾਰਤ ਨੇ ਮਈ ’ਚ ਰੂਸ ਤੋਂ ਰੋਜ਼ਾਨਾ 19.6 ਲੱਖ ਬੈਰਲ ਤੇਲ ਦੀ ਦਰਾਮਦ ਕੀਤੀ, ਜੋ ਅਪ੍ਰੈਲ ਦੇ ਪਿਛਲੇ ਉੱਚ ਪੱਧਰ ਤੋਂ 15 ਫ਼ੀਸਦੀ ਜ਼ਿਆਦਾ ਹੈ। ਹੁਣ ਭਾਰਤ ਦੇ ਕੁਲ ਕੱਚੇ ਤੇਲ ਇੰਪੋਰਟ ’ਚ ਰੂਸ ਦੀ ਹਿੱਸੇਦਾਰੀ 42 ਫ਼ੀਸਦੀ ਹੋ ਗਈ ਹੈ। ਇਹ ਹਾਲ ਦੇ ਸਾਲਾਂ ’ਚ ਕਿਸੇ ਇਕ ਦੇਸ਼ ਲਈ ਸਭ ਤੋਂ ਵੱਧ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ : ਵਾਤਾਵਰਣ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡਾ ਫ਼ੈਸਲਾ, 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ

ਸਾਊਦੀ ਅਰਬ ਤੋਂ ਤੇਲ ਦੀ ਦਰਾਮਦ ਘੱਟ ਕੇ 5,60,000 ਟਨ ’ਤੇ ਆਈ
ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਪੱਛਮੀ ਏਸ਼ੀਆ ਦੇ ਰਵਾਇਤੀ ਸਪਲਾਇਰਾਂ ਦੀ ਕੀਮਤ ’ਤੇ ਵਧੀ ਹੈ। ਮਈ ’ਚ ਸਾਊਦੀ ਅਰਬ ਤੋਂ ਤੇਲ ਦੀ ਦਰਾਮਦ ਘੱਟ ਕੇ 5,60,000 ਟਨ ’ਤੇ ਆ ਗਈ। ਇਹ ਫਰਵਰੀ 2021 ਤੋਂ ਬਾਅਦ ਸਭ ਤੋਂ ਹੇਠਲਾਂ ਪੱਧਰ ਹੈ। ਮਈ ’ਚ ਤੇਲ ਬਰਾਮਦਕਾਰ ਦੇਸ਼ਾਂ ਦੇ ਸੰਗਠਨ-ਓਪੇਕ ਦੀ ਭਾਰਤ ਦੇ ਕੱਚੇ ਤੇਲ ਦਰਾਮਦ ’ਚ ਹਿੱਸੇਦਾਰੀ ਘੱਟ ਕੇ ਆਪਣੇ ਕੁਲ ਵਕਤੀ ਹੇਠਲੇ ਪੱਧਰ 39 ਫ਼ੀਸਦੀ ’ਤੇ ਆ ਗਈ। ਕਿਸੇ ਸਮਾਂ ਓਪੇਕ ਦੀ ਭਾਰਤ ਦੀ ਤੇਲ ਖਰੀਦ ’ਚ 90 ਫ਼ੀਸਦੀ ਤੱਕ ਹਿੱਸੇਦਾਰੀ ਹੁੰਦੀ ਸੀ।

ਇਹ ਵੀ ਪੜ੍ਹੋ : ਜ਼ਮੀਨੀ ਪੱਧਰ 'ਤੇ ਘੱਟ ਹੋਈ ਮਹਿੰਗਾਈ, ਟਮਾਟਰ 50 ਫ਼ੀਸਦੀ ਹੋਏ ਸਸਤੇ

ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਲਗਾਤਾਰ ਵਧ ਰਹੀ ਰੂਸੀ ਤੇਲ ਦੀ ਦਰਾਮਦ
ਪਿਛਲੇ ਸਾਲ ਫਰਵਰੀ ’ਚ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਭਾਰਤ ਦੀ ਦਰਾਮਦ ’ਚ ਰੂਸੀ ਤੇਲ ਦੀ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ। ਇਹ ਲਗਾਤਾਰ 8ਵਾਂ ਮਹੀਨਾ ਹੈ, ਜਦੋਂ ਰੂਸ, ਭਾਰਤ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਹੋਇਆ ਹੈ। ਕੱਚੇ ਤੇਲ ਨੂੰ ਰਿਫਾਈਨਰੀਆਂ ’ਚ ਪੈਟਰੋਲ ਅਤੇ ਡੀਜ਼ਲ ਵਿਚ ਬਦਲਿਆ ਜਾਂਦਾ ਹੈ। ਇਰਾਕ ਨੇ ਮਈ ’ਚ ਭਾਰਤ ਨੂੰ 8.3 ਲੱਖ ਬੈਰਲ ਰੋਜ਼ਾਨਾ ( ਬੀ. ਪੀ. ਡੀ.) ਤੇਲ ਦੀ ਦਰਾਮਦ ਕੀਤੀ। ਉਥੇ ਹੀ ਸੰਯੁਕਤ ਅਰਬ ਅਮੀਰਾਤ ਨੇ 2, 03,000 ਬੈਰਲ ਰੋਜ਼ਾਨਾ ਦੀ ਸਪਲਾਈ ਕੀਤੀ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਦੌਰਾਨ ਅਮਰੀਕਾ ਤੋਂ ਦਰਾਮਦ 1,38,000 ਬੈਰਲ ਰੋਜ਼ਾਨਾ ਰਹੀ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

rajwinder kaur

This news is Content Editor rajwinder kaur