'ਗਲੋਬਲ ਆਰਥਿਕ ਤੂਫਾਨ' ਪੈਦਾ ਹੋਣ ਦੇ ਆਸਾਰ - IMF

02/11/2019 2:31:35 PM

ਦੁਬਈ — ਅੰਤਰਰਾਸ਼ਟਰੀ ਮੁਦਰਾ ਫੰਡ(IMF) ਨੇ ਐਤਵਾਰ ਨੂੰ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਸਾਵਧਾਨ ਕਰਦੇ ਹੋਏ ਆਰਥਿਕ ਵਾਧਾ ਉਮੀਦ ਤੋਂ ਘੱਟ ਰਹਿਣ ਕਾਰਨ ਪੈਦਾ ਹੋਣ ਵਾਲੀ ਸਥਿਤੀ ਦਾ ਸਾਹਮਣਾ ਕਰਨ ਦੀ ਤਿਆਰੀ ਕਰਨ ਲਈ ਕਿਹਾ ਹੈ। IMF ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨ ਲਗਾਰਡ ਨੇ ਇਥੇ ਵਿਸ਼ਵ ਸਰਕਾਰ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ,'ਅਸੀਂ ਇਕ ਅਜਿਹੀ ਅਰਥਵਿਵਸਥਾ ਨੂੰ ਦੇਖ ਰਹੇ ਹਾਂ ਜਿਹੜੀ ਕਿ ਅੰਦਾਜ਼ੇ ਤੋਂ ਵੀ ਘੱਟ ਰਫਤਾਰ ਨਾਲ ਵਾਧਾ ਕਰ ਰਹੀ ਹੈ'।

IMF ਨੇ ਪਿਛਲੇ ਮਹੀਨੇ ਹੀ ਇਸ ਸਾਲ ਦੀ ਗਲੋਬਲ ਆਰਥਿਕ ਵਾਧਾ ਦਰ ਦਾ ਪੂਰਵ ਅਨੁਮਾਨ 3.7 ਫੀਸਦੀ ਤੋਂ ਘਟਾ ਕੇ 3.5 ਫੀਸਦੀ ਕਰ ਦਿੱਤਾ ਸੀ। ਲਗਾਰਡ ਨੇ ਉਨ੍ਹਾਂ ਕਾਰਨਾਂ ਨੂੰ ਗਲੋਬਲ ਅਰਥਵਿਵਸਥਾ ਦੇ ਸੁਸਤ ਪੈਣ ਦਾ ਕਾਰਨ ਦੱਸਿਆ ਜਿਨ੍ਹਾਂ ਨੂੰ ਉਹ ਅਰਥਵਿਵਸਥਾ ਦੇ ਉੱਪਰ ਮੰਡਰਾਉਣ ਵਾਲੇ 'ਚਾਰ ਬੱਦਲ' ਦੱਸਦੇ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਭੁਚਾਲ ਕਦੇ ਵੀ ਆ ਸਕਦਾ ਹੈ।

ਕੀ ਹੈ ਕਾਰਨ

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜੋਖਮਾਂ 'ਚ ਵਪਾਰਕ ਤਣਾਅ ਅਤੇ ਡਿਊਟੀ ਵਧਾਉਣਾ, ਫਿਸਕਲ ਸਥਿਤੀ 'ਚ ਸਖਤੀ, ਬ੍ਰੇਕਜ਼ਿਟ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਚੀਨ ਦੀ ਅਰਥਵਿਵਸਥਾ ਦੇ ਸੁਸਤ ਪੈਣ ਦੀ ਰਫਤਾਰ ਤੇਜ਼ ਹੋਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀਆਂ ਦੋ ਚੋਟੀ ਦੀਆਂ ਅਰਥਵਿਵਸਥਾਵਾਂ ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਟੈਰਿਫ ਯੁੱਧ ਦਾ ਗਲੋਬਲ ਪੱਧਰ 'ਤੇ ਅਸਰ ਦਿਖਾਈ ਦੇਣ ਲੱਗਾ ਹੈ।

ਸੁਰੱਖਿਆਵਾਦ ਤੋਂ ਬਚੋ

ਉਨ੍ਹਾਂ ਨੇ ਸਰਕਾਰਾਂ ਨੂੰ ਸੁਰੱਖਿਆਵਾਦ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਕਿਹਾ,'ਸਾਨੂੰ ਇਸ ਬਾਰੇ ਵਿਚ ਕੋਈ ਅੰਦਾਜ਼ਾ ਨਹੀਂ ਹੈ ਕਿ ਇਹ ਕਿਸ ਤਰ੍ਹਾਂ ਨਾਲ ਖਤਮ ਹੋਵੇਗਾ ਅਤੇ ਕੀ ਇਹ ਵਪਾਰ, ਭਰੋਸਾ ਅਤੇ ਬਜ਼ਾਰ 'ਤੇ ਅਸਰ ਦਿਖਾਉਣ ਦੀ ਸ਼ੁਰੂਆਤ ਕਰ ਚੁੱਕਾ ਹੈ।' ਲਗਾਰਡ ਨੇ ਕਰਜ਼ੇ ਦੀ ਵਧਦੀ ਲਾਗਤ ਨੂੰ ਵੀ ਜੋਖਮ ਦੱਸਿਆ ਹੈ। ਉਨ੍ਹਾਂ ਨੇ ਕਿਹਾ,' ਜਿਸ ਸਮੇਂ ਇੰਨੇ ਬੱਦਲ ਆਏ ਹੋਣ ਤਾਂ ਤੂਫਾਨ ਸ਼ੁਰੂ ਹੋਣ ਲਈ ਬਿਜਲੀ ਦੀ ਇਕ ਚਮਕ ਕਾਫੀ ਹੈ।'