ਏਅਰ ਇੰਡੀਆ ''ਚ ਕਰਨ ਵਾਲੇ ਹੋ ਸਫਰ ਤਾਂ ਜ਼ਰੂਰ ਪੜ੍ਹੋ ਇਹ ਖਬਰ!

04/18/2017 11:41:44 AM

ਨਵੀਂ ਦਿੱਲੀ— ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ''ਤੇ ਹਮਲੇ ਅਤੇ ਉਡਾਣ ''ਚ ਦੇਰੀ ਦੀਆਂ ਘਟਨਾਵਾਂ ਤੋਂ ਬਾਅਦ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਗੁੰਡਾਗਰਦੀ ਕਰਨ ਵਾਲੇ ਯਾਤਰੀਆਂ ਨਾਲ ਨਜਿੱਠਣ ਲਈ ਨਵਾਂ ਨਿਯਮ ਬਣਾਇਆ ਹੈ। ਇਸ ਤਹਿਤ ਸ਼ਰਾਰਤੀ ਅਨਸਰਾਂ ਨੂੰ 5 ਲੱਖ ਤੋਂ 15 ਲੱਖ ਰੁਪਏ ਤਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ''ਚ ਸ਼ਿਵ ਸੈਨਾ ਸਾਂਸਦ ਰਵਿੰਦਰ ਗਾਏਕਵਾੜ ਨੇ ਏਅਰ ਇੰਡੀਆ ਦੇ ਇਕ ਕਰਮਚਾਰੀ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਅਜਿਹੀਆਂ ਘਟਨਾਵਾਂ ''ਤੇ ਲਗਾਮ ਲਾਉਣ ਲਈ ਇਹ ਕਦਮ ਚੁੱਕਿਆ ਹੈ। 

ਕਿੰਨੀ ਦੇਰੀ ''ਤੇ ਕਿੰਨਾ ਜੁਰਮਾਨਾ?

ਏਅਰ ਇੰਡੀਆ ਨੇ 5 ਲੱਖ ਤੋਂ 15 ਲੱਖ ਰੁਪਏ ਤਕ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਹੈ। ਸ਼ਰਾਰਤੀ ਅਨਸਰ ਯਾਤਰੀ ਕਾਰਨ 1 ਘੰਟੇ ਦੀ ਦੇਰੀ ਹੁੰਦੀ ਹੈ ਤਾਂ ਕੰਪਨੀ ਉਸ ਕੋਲੋਂ 5 ਲੱਖ ਰੁਪਏ ਜੁਰਮਾਨਾ ਵਸੂਲੇਗੀ। ਉੱਥੇ ਹੀ 2 ਘੰਟੇ ਦੀ ਦੇਰੀ ਹੋਣ ''ਤੇ ਅਜਿਹੇ ਯਾਤਰੀ ''ਤੇ 10 ਲੱਖ ਰੁਪਏ ਤਕ ਦਾ ਜੁਰਮਾਨਾ ਲੱਗੇਗਾ। ਕੰਪਨੀ ਨੇ ਕਿਹਾ ਕਿ ਉਡਾਣ ''ਚ 2 ਘੰਟੇ ਤੋਂ ਵਧ ਦੀ ਦੇਰੀ ਹੁੰਦੀ ਹੈ ਤਾਂ 15 ਲੱਖ ਰੁਪਏ ਤਕ ਜੁਰਮਾਨਾ ਲਾਇਆ ਜਾਵੇਗਾ।

ਏਅਰ ਇੰਡੀਆ ਨੇ ਜਾਰੀ ਕੀਤੇ ਹੁਕਮ..

ਕੰਪਨੀ ਨੇ ਕਿਹਾ ਘਟਨਾ ਤੋਂ ਬਾਅਦ ਕੋਈ ਵੀ ਕਰਮਚਾਰੀ ਕਿਸੇ ਵੀ ਮੀਡੀਆ ਨਾਲ ਸਿੱਧਾ ਸੰਪਰਕ ਨਹੀਂ ਕਰੇਗਾ। ਭਾਰਤੀ ਦੰਡ ਕੋਡ ਦੀ ਸੰਬੰਧਤ ਧਾਰਾ ਤਹਿਤ ਤੁਰੰਤ ਐੱਫ. ਆਈ. ਆਰ. ਜਾਂ ਪੁਲਸ ਸ਼ਿਕਾਇਤ ਦਰਜ ਕੀਤੀ ਜਾਵੇਗੀ। ਜਦੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਹਵਾਈ ਅੱਡਾ ਮੈਨੇਜਰ, ਐੱਸ. ਐੱਮ., ਆਰ. ਡੀ., ਸੀ. ਡੀ. ਜਾਂ ਸੀ. ਏ. ਐੱਮ. ਡੀ. ਦਫਤਰ ਨੂੰ ਸੂਚਤ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ।