ਵੋਡਾ-ਆਈਡੀਆ ਦੀਵਾਲੀਆ ਹੋਈ ਤਾਂ ਇਨ੍ਹਾਂ ਦੋ ਬੈਂਕਾਂ ਨੂੰ ਹੋਵੇਗਾ ਵੱਡਾ ਨੁਕਸਾਨ

08/05/2021 4:48:50 PM

ਮੁੰਬਈ- ਵੋਡਾਫੋਨ ਆਈਡੀਆ ਦਾ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਫੰਡ ਜੁਟਾਉਣ ਲਈ ਕੰਪਨੀ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਇਸ ਵਿਚਕਾਰ ਕੁਮਾਰ ਮੰਗਲਮ ਬਿਰਲਾ ਨੇ ਬੁੱਧਵਾਰ ਨੂੰ ਗੈਰ-ਕਾਰਜਕਾਰੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਿਪੋਰਟਾਂ ਮੁਤਾਬਕ, ਜੇਕਰ ਕੰਪਨੀ ਦੀਵਾਲੀਆ ਹੋ ਜਾਂਦੀ ਹੈ ਤਾਂ ਦੋ ਪ੍ਰਾਈਵੇਟ ਬੈਂਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਬੈਂਕ ਅਜੇ ਵੀ ਮਾੜੇ ਕਰਜ਼ਿਆਂ ਦੀ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਵੋਡਾਫੋਨ ਆਈਡੀਆ ਦੇ ਪ੍ਰਮੋਟਰਾਂ ਨੇ ਕੰਪਨੀ ਵਿਚ ਪੂੰਜੀ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਐਡਜਸਟਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਦੀ ਗਣਨਾ ਵਿਚ ਗਲਤੀ ਨੂੰ ਸੁਧਾਰਨ ਦੀ ਕੰਪਨੀ ਦੀ ਪਟੀਸ਼ਨ ਨੂੰ ਰੱਦ ਕਰ ਚੁੱਕਾ ਹੈ। ਨਵੀਂ ਪੂੰਜੀ ਜੁਟਾਉਣ ਦੇ ਕੰਪਨੀ ਦੇ ਯਤਨ ਸਫਲ ਹੋਣ ਦੀ ਸੰਭਾਵਨਾ ਨਹੀਂ ਹੈ। ਬਿਰਲਾ ਦੇ ਅਸਤੀਫੇ ਦਾ ਨਿਵੇਸ਼ਕਾਂ 'ਤੇ ਵੀ ਅਸਰ ਪਿਆ ਹੈ।

ਇਸ ਸਥਿਤੀ ਵਿਚ ਵੋਡਾਫੋਨ-ਆਈਡੀਆ ਲਈ 1.8 ਲੱਖ ਕਰੋੜ ਰੁਪਏ ਦਾ ਕਰਜ਼ਾ ਚੁਕਾਏ ਜਾਣ ਦੀ ਸੰਭਾਵਨਾ ਨਹੀਂ ਹੈ। ਵੋਡਾਫੋਨ ਆਈਡੀਆ ਨੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਤੋਂ ਘੱਟੋ-ਘੱਟ 28,700 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੋਂ ਵੱਧ ਤੋਂ ਵੱਧ 11,000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਰਿਪੋਰਟਾਂ ਮੁਤਾਬਕ, ਯੈੱਸ ਬੈਂਕ ਤੋਂ ਇਸ ਨੇ 4,000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇੰਡਸਇੰਡ ਬੈਂਕ ਤੋਂ 3,500 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਹਾਲਾਂਕਿ, ਲੋਨ ਬੁੱਕ ਦੇ ਹਿਸਾਬ ਨਾਲ ਵੋਡਾਫੋਨ ਆਈਡੀਆ ਦੇ ਡੁੱਬਣ ਦਾ ਸਭ ਤੋਂ ਵੱਡਾ ਪ੍ਰਭਾਵ ਆਈ. ਡੀ. ਐੱਫ. ਸੀ. ਫਸਟ ਬੈਂਕ 'ਤੇ ਪਵੇਗਾ। ਰਿਪੋਰਟਾਂ ਮੁਤਾਬਕ, ਇਸ ਦੀ ਵਜ੍ਹਾ ਉਸ ਦੀ ਲੋਨ ਬੁੱਕ ਵਿਚ ਵੋਡਾ ਆਈਡੀਆ ਦੇ ਕਰਜ਼ ਦੀ ਹਿੱਸੇਦਾਰੀ 2.9 ਫ਼ੀਸਦੀ ਹੈ। ਯੈੱਸ ਬੈਂਕ ਦੀ ਲੋਨ ਬੁੱਕ ਵਿਚ 2.4 ਫ਼ੀਸਦੀ ਹੈ। ਇੰਡਸਇੰਡ ਦੀ ਲੋਨ ਬੁੱਕ ਵਿਚ 1.65 ਫ਼ੀਸਦੀ ਹੈ। 

Sanjeev

This news is Content Editor Sanjeev