ICICI ਬੈਂਕ ਦੀ ਸੌਗਾਤ, OTP ਨਾਲ ਕਰ ਸਕੋਗੇ ਨੈੱਟ ਬੈਂਕਿੰਗ ਲੌਗ ਇਨ

01/16/2020 3:36:02 PM

ਨਵੀਂ ਦਿੱਲੀ— ਹੁਣ ਨਿੱਜੀ ਖੇਤਰ ਦੇ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਾਹਕਾਂ ਨੂੰ ਇੰਟਰਨੈੱਟ ਬੈਂਕਿੰਗ ਲੌਗ-ਇਨ ਲਈ ਪਾਵਰਡ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਬੈਂਕ ਨੇ ਗਾਹਕਾਂ ਲਈ ਇਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ, ਜਿਸ ਨਾਲ ਪਾਸਵਰਡ ਦੇ ਬਿਨਾਂ ਲੌਗ-ਇਨ ਕੀਤਾ ਜਾ ਸਕਦਾ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਾਹਕ ਖਾਤੇ ਨਾਲ ਰਜਿਸਟਰਡ ਮੋਬਾਈਲ ਨੰਬਰ, ਵਨ ਟਾਈਮ ਪਾਸਵਰਡ (ਓ. ਟੀ. ਪੀ.) ਤੇ ਡੈਬਿਟ ਕਾਰਡ ਪਿਨ ਨਾਲ ਇੰਟਰਨੈਟ ਬੈਂਕਿੰਗ ਦਾ ਇਸਤੇਮਾਲ ਕਰ ਸਕਦੇ ਹਨ।

 

ਇਸ ਪਹਿਲ 'ਤੇ ਬੋਲਦਿਆਂ ਆਈ. ਸੀ. ਆਈ. ਸੀ. ਆਈ. ਬੈਂਕ ਦੇ ਬੁਲਾਰੇ ਨੇ ਕਿਹਾ, ''ਬੈਂਕ ਹਮੇਸ਼ਾਂ ਗਾਹਕਾਂ ਲਈ ਬੈਂਕਿੰਗ ਨੂੰ ਵਧੇਰੇ ਸੁਵਿਧਾਜਨਕ ਅਤੇ ਮੁਸ਼ਕਲ ਰਹਿਤ ਬਣਾਉਣ ਲਈ ਪ੍ਰਾਡਕਟਸ ਤੇ ਸੇਵਾਵਾਂ 'ਤੇ ਫੋਕਸ ਕਰਦਾ ਆ ਰਿਹਾ ਹੈ। ਇਸ ਵਿਚਾਰਧਾਰਾ 'ਤੇ ਚੱਲਦੇ ਹੋਏ ਹੁਣ ਇੰਟਰਨੈਟ ਬੈਂਕਿੰਗ ਗਾਹਕਾਂ ਲਈ ਓ. ਟੀ. ਪੀ.-ਆਧਾਰਿਤ ਲੌਗ-ਇਨ ਸਹੂਲਤ ਪੇਸ਼ ਕੀਤੀ ਹੈ। ਇੰਟਰਨੈਟ ਬੈਂਕਿੰਗ ਲੌਗ-ਇਨ ਪ੍ਰਕਿਰਿਆ ਨੂੰ ਹੋਰ ਸਧਾਰਣ ਕਰਨ ਨਾਲ ਸਾਡੇ ਗਾਹਕ ਬੈਂਕਿੰਗ ਸੇਵਾਵਾਂ ਨੂੰ ਹੋਰ ਵਧੇਰੇ ਅਸਾਨੀ ਨਾਲ ਪ੍ਰਾਪਤ ਕਰ ਸਕਣਗੇ।''

ਇਸ ਸਹੂਲਤ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਆਈ. ਸੀ. ਆਈ. ਸੀ. ਆਈ. ਬੈਂਕ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ, ਜਿੱਥੇ ਲੌਗ-ਇਨ 'ਚ ਤੁਹਾਨੂੰ ਬੈਂਕ ਨਾਲ ਰਜਿਸਟਰਡ ਨੰਬਰ ਭਰਨਾ ਹੋਵੇਗਾ ਅਤੇ ਉਸ 'ਤੇ ਓ. ਟੀ. ਪੀ. ਲੈਣ ਲਈ ਸਬਮਿਟ ਕਰਨਾ ਹੋਵੇਗਾ, ਜੋ ਨਵਾਂ ਪੇਜ ਖੁੱਲ੍ਹੇਗਾ ਉਸ 'ਤੇ ਤੁਹਾਨੂੰ ਪ੍ਰਾਪਤ ਓ. ਟੀ. ਪੀ. ਦੇ ਨਾਲ ਡੈਬਿਟ ਕਾਰਡ ਦਾ ਪਿਨ ਵੀ ਭਰਨਾ ਹੋਵੇਗਾ ਅਤੇ ਫਿਰ ਉਸ ਨੂੰ ਪ੍ਰੋਸੀਡ ਕਰ ਦਿਓ। ਇਸ ਤਰ੍ਹਾਂ ਤੁਸੀਂ ਲੌਗ-ਇਨ ਕਰ ਸਕਦੇ ਹੋ। ਯਾਦ ਰੱਖੋ ਕਿ ਓ. ਟੀ. ਪੀ., ਡੈਬਿਟ ਪਿਨ ਤੇ ਖਾਤੇ ਸੰਬੰਧੀ ਕੋਈ ਵੀ ਨਿੱਜੀ ਜਾਣਕਾਰੀ ਕਿਸੇ ਨੂੰ ਵੀ ਨਾ ਦਿਓ। ਬੈਂਕ ਵੱਲੋਂ ਕਦੇ ਵੀ ਤੁਹਾਡੀ ਨਿੱਜੀ ਜਾਣਕਾਰੀ ਫੋਨ 'ਤੇ ਨਹੀਂ ਮੰਗੀ ਜਾਂਦੀ।