ਦੁਨੀਆ ਦੇ 130 ਊਰਜਾਵਾਨ ਸ਼ਹਿਰਾਂ ਦੀ ਸੂਚੀ ’ਚ ਹੈਦਰਾਬਾਦ, ਬੇਂਗਲੁਰੂ ਚੋਟੀ ’ਤੇ

01/19/2020 11:09:23 PM

ਨਵੀਂ ਦਿੱਲੀ (ਭਾਸ਼ਾ)-ਸਮਾਜਕ-ਆਰਥਕ ਅਤੇ ਕਮਰਸ਼ੀਅਲ ਖੇਤਰ ਦੀਆਂ ਰੀਅਲ ਅਸਟੇਟ ਸਰਗਰਮੀਆਂ ਦੇ ਲਿਹਾਜ਼ ਨਾਲ ਹੈਦਰਾਬਾਦ ਦੁਨੀਆ ਦਾ ਸਭ ਤੋਂ ਊਰਜਾਵਾਨ ਸ਼ਹਿਰ ਬਣ ਕੇ ਉੱਭਰਿਆ ਹੈ। ਇਸ ਸੂਚੀ ’ਚ ਹੈਦਰਾਬਾਦ ਪਹਿਲੇ ਅਤੇ ਬੇਂਗਲੁਰੂ ਦੂਜੇ ਨੰਬਰ ’ਤੇ ਰਿਹਾ ਹੈ। ਕੌਮਾਂਤਰੀ ਜਾਇਦਾਦ ਸਲਾਹਕਾਰ ਜੇ. ਐੱਲ. ਐੱਲ. ਇੰਡੀਆ ਨੇ ਇਹ ਸੂਚੀ ਜਾਰੀ ਕੀਤੀ ਹੈ।

ਇਸ ਮੁਤਾਬਕ ਅਰਥਵਿਵਸਥਾ ’ਚ ਸੁਸਤੀ ਦੇ ਬਾਵਜੂਦ ਦੁਨੀਆ ਦੇ ਊਰਜਾਵਾਨ ਸ਼ਹਿਰਾਂ ਦੀ ਸੂਚੀ ’ਚ ਚੋਟੀ ਦੇ 20 ਸ਼ਹਿਰਾਂ ’ਚ 7 ਸ਼ਹਿਰ ਭਾਰਤ ਦੇ ਹਨ। ਜੇ. ਐੱਲ. ਐੱਲ. ਦੇ ‘ਸਿਟੀ ਮੋਮੈਂਟਮ ਇੰਡੈਕਸ’ ਮੁਤਾਬਕ ਇਹ ਸੂਚੀ ਤਿਆਰ ਕੀਤੀ ਗਈ ਹੈ। ਇਸ ਅਨੁਸਾਰ ਦੁਨੀਆ ਦੇ 130 ਸ਼ਹਿਰਾਂ ਦੀ ਸੂਚੀ ’ਚ ਚੇਨਈ 5ਵੇਂ ਅਤੇ ਦਿੱਲੀ 6ਵੇਂ ਸਥਾਨ ’ਤੇ ਰਿਹਾ ਹੈ। ਇਸੇ ਤਰ੍ਹਾਂ ਪੁਣੇ 12ਵੇਂ, ਕੋਲਕਾਤਾ 16ਵੇਂ ਅਤੇ ਮੁੰਬਈ 20ਵੇਂ ਸਥਾਨ ’ਤੇ ਰਿਹਾ। ਇਸ ਸੂਚੀ ਨਾਲ ਆਰਥਿਕ ਅਤੇ ਰੀਅਲ ਅਸਟੇਟ ਸਰਗਰਮੀਆਂ ਦੇ ਲਿਹਾਜ਼ ਨਾਲ ਦੁਨੀਆ ਦੇ ਸਭ ਤੋਂ ਊਰਜਾਵਾਨ ਸ਼ਹਿਰ ਦੀ ਪਛਾਣ ਕੀਤੀ ਗਈ ਹੈ। ਇਸ ’ਚ ਸਮਾਜਿਕ ਆਰਥਿਕ ਅਤੇ ਕਮਰਸ਼ੀਅਲ ਜਾਇਦਾਦਾਂ ਦੇ ਖੇਤਰ ’ਚ ਜਾਰੀ ਸਰਗਰਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਜੇ. ਐੱਲ. ਐੱਲ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ, ਪ੍ਰਚੂਨ ਵਿਕਰੀ ਅਤੇ ਜਹਾਜ਼ ਮੁਸਾਫਰਾਂ ਦੇ ਵਾਧੇ ਵਰਗੇ ਆਰਥਿਕ ਸੰਕੇਤਕਾਂ ’ਤੇ ਹੈਦਰਾਬਾਦ ਦਾ ਪ੍ਰਦਰਸ਼ਨ ਸਭ ਤੋਂ ਚੰਗਾ ਰਿਹਾ ਹੈ। ਪਿਛਲੇ ਸਾਲ ਬੇਂਗਲੁਰੂ ਪਹਿਲੇ ਅਤੇ ਹੈਦਰਾਬਾਦ ਦੂਜੇ ਸਥਾਨ ’ਤੇ ਸੀ।

Karan Kumar

This news is Content Editor Karan Kumar