US 'ਚ Huawei ਦੇ 600 ਤੋਂ ਵੱਧ ਵਰਕਰਾਂ ਦੀ ਜਾਵੇਗੀ ਨੌਕਰੀ

07/23/2019 3:57:04 PM

ਵਾਸ਼ਿੰਗਟਨ— ਅਮਰੀਕਾ 'ਚ ਬਲੈਕਲਿਸਟਿੰਗ ਦਾ ਸਾਹਮਣਾ ਕਰ ਰਹੀ ਚਾਨੀਨਿਜ਼ ਹੁਵਾਈ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਕੰਪਨੀ 600 ਤੋਂ ਵੱਧ ਲੋਕਾਂ ਦੀ ਛਾਂਟੀ ਕਰਨ ਜਾ ਰਹੀ ਹੈ। ਚੀਨੀ ਤਕਨਾਲੋਜੀ ਦਿੱਗਜ ਹੁਵਾਈ ਨੇ ਮੰਗਲਵਾਰ ਕਿਹਾ ਕਿ ਵਾਸ਼ਿੰਗਟਨ ਵੱਲੋਂ ਉਸ ਉਪਰ ਅਤੇ ਉਸ ਦੀ ਸਹਾਇਕ 68 ਫਰਮਾਂ 'ਤੇ ਪਾਬੰਦੀ ਕਾਰਨ 600 ਤੋਂ ਵੱਧ ਰੋਜ਼ਗਾਰ ਖਤਮ ਹੋ ਜਾਣਗੇ।
 

ਵਾਸ਼ਿੰਗਟਨ, ਕੈਲੀਫੋਰੀਨੀਆ ਤੇ ਟੈਕਸਾਸ 'ਚ ਸਥਿਤ ਇਸ ਦੇ ਰਿਸਰਚ ਤੇ ਨਿਰਮਾਣ ਯੂਨਿਟਾਂ 'ਚ ਇਹ ਛਾਂਟੀ ਹੋਵੇਗੀ। ਰਿਪੋਰਟਾਂ ਮੁਤਾਬਕ, ਟੈਕਸਾਸ 'ਚ ਸਥਿਤ ਇਸ ਦੀ ਫਿਊਚਰਵੇਈ 'ਚ 750 ਤੋਂ ਵੱਧ ਲੋਕ ਕੰਮ ਕਰਦੇ ਹਨ। ਉੱਥੇ ਹੀ, ਹੁਵਾਈ ਕੰਪਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਕਦੇ ਵੀ ਸੌਖੇ ਨਹੀਂ ਹੁੰਦੇ। ਕੰਪਨੀ ਨੇ ਕਿਹਾ ਕਿ ਯੋਗ ਕਰਮਚਾਰੀਆਂ ਨੂੰ ਤਨਖਾਹ ਅਤੇ ਲਾਭ ਦੋਹਾਂ ਸਮੇਤ ਵਧਾਈ ਪੈਕੇਜ ਦਿੱਤੇ ਜਾਵੇਗਾ।
ਜ਼ਿਕਰਯੋਗ ਹੈ ਕਿ 5ਜੀ 'ਚ ਹੁਵਾਈ ਮੋਹਰੀ ਤਕਨਾਲੋਜੀ ਕੰਪਨੀ ਹੈ ਪਰ ਟਰੰਪ ਸਰਕਾਰ ਵੱਲੋਂ ਲਾਈ ਪਾਬੰਦੀ ਕਾਰਨ ਯੂ. ਐੱਸ. 'ਚ ਇਹ 5ਜੀ ਨੈੱਟਵਰਕ ਸਥਾਪਤ ਕਰਨ ਤੋਂ ਦੂਰ ਰਹੇਗੀ। ਟਰੰਪ ਪ੍ਰਸ਼ਾਸਨ ਸਹਿਯੋਗੀ ਦੇਸ਼ਾਂ ਨੂੰ ਵੀ ਅਜਿਹਾ ਕਰਨ ਲਈ ਮਨਾ ਰਿਹਾ ਹੈ। ਟਰੰਪ ਪ੍ਰਸ਼ਾਸਨ ਦਾ ਦੋਸ਼ ਹੈ ਕਿ ਹੁਵਾਈ ਚੀਨੀ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਹੈ, ਜਦੋਂ ਕਿ ਕੰਪਨੀ ਇਨ੍ਹਾਂ ਦੋਸ਼ਾਂ ਨੂੰ ਨਾਕਾਰ ਚੁੱਕੀ ਹੈ।
ਬਲੈਕ ਲਿਸਟ 'ਚ ਹੋਣ ਕਾਰਨ ਹੁਵਾਈ ਲਈ ਅਮਰੀਕੀ ਸਾਫਟਵੇਅਰ ਤੇ ਕੰਪੋਨੈਂਟਸ ਦੀ ਖਰੀਦ ਸੀਮਤ ਹੋ ਗਈ ਹੈ, ਜਿਸ ਕਾਰਨ ਉਸ ਦੇ ਸਮਾਰਟ ਫੋਨ ਖਾਸਾ ਪ੍ਰਭਾਵਿਤ ਹੋ ਰਹੇ ਹਨ। ਹੁਵਾਈ ਨੇ ਪਿਛਲੇ ਸਾਲ 11 ਅਰਬ ਡਾਲਰ ਦੀ ਅਮਰੀਕੀ ਤਕਨਾਲੋਜੀ ਖਰੀਦੀ ਸੀ, ਜਦੋਂ ਕਿ ਹੁਣ ਸਰਕਾਰ ਦੀ ਮਨਜ਼ੂਰੀ ਨਾਲ ਸਿਰਫ ਕੁਝ ਸਪਲਾਈਰ ਹੀ ਹੁਵਾਈ ਨੂੰ ਵਿਕਰੀ ਕਰ ਸਕਦੇ ਹਨ।