ਨੋਟਬੰਦੀ ਤੋਂ ਬਾਅਦ ਲੋਕਾਂ ਨੇ 3 ਗੁਣਾ ਜ਼ਿਆਦਾ ਕੀਤਾ ਕੈਸ਼ ਹੋਲਡ

11/07/2019 7:21:18 PM

ਨਵੀਂ ਦਿੱਲੀ (ਹਿ. ਟਾ.)-ਕਾਲੇ ਧਨ ’ਤੇ ਸੱਟ ਅਤੇ ਡਿਜੀਟਲ ਲੈਣ-ਦੇਣ ਦੇ ਪ੍ਰਸਾਰ ਲਈ ਕੀਤੀ ਗਈ ਨੋਟਬੰਦੀ ਦੀ ਮੁਹਿੰਮ ਨੂੰ ਲੋਕ ਢਾਹ ਲਾਉਣ ’ਚ ਜੁਟੇ ਹਨ। ਇਕ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਲੋਕਾਂ ਨੇ ਨੋਟਬੰਦੀ ਤੋਂ ਇਕ ਸਾਲ ਬਾਅਦ ਹੀ ਲਗਭਗ 3 ਗੁਣਾ ਨਕਦੀ ਜਮ੍ਹਾ ਕਰ ਲਈ ਹੈ। ਸਾਲ 2011-12 ਤੋਂ ਅਤੇ ਨੋਟਬੰਦੀ ਤੋਂ ਠੀਕ ਪਹਿਲਾਂ 2015-16 ਤੱਕ ਘਰਾਂ ’ਚ ਜਮ੍ਹਾ ਨਕਦੀ ਬਾਜ਼ਾਰ ’ਚ ਚੱਲ ਰਹੀ ਕੁਲ ਕਰੰਸੀ ਦਾ 9 ਤੋਂ 12 ਫ਼ੀਸਦੀ ਦੇ ਲਗਭਗ ਸੀ ਪਰ ਸਾਲ 2017-18 ’ਚ ਹੀ ਇਹ 26 ਫ਼ੀਸਦੀ ਤੱਕ ਪਹੁੰਚ ਗਈ। ਰਾਸ਼ਟਰੀ ਖਾਤਾ ਅੰਕੜਾ (ਐੱਨ. ਏ. ਐੱਸ.) ਦੇ ਤਾਜ਼ਾ ਅੰਕੜਿਆਂ ’ਚ ਇਹ ਸਾਹਮਣੇ ਆਇਆ ਹੈ ਕਿ ਲੋਕ ਤੇਜ਼ੀ ਨਾਲ ਨਕਦੀ ਜਮ੍ਹਾ ਕਰਨ ’ਚ ਜੁਟੇ ਹਨ। ਸਰਕਾਰ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟਾਂ ਨੂੰ ਵਾਪਸ ਲੈਂਦਿਆਂ ਨੋਟਬੰਦੀ ਦਾ ਐਲਾਨ ਕੀਤਾ ਸੀ ਪਰ 99 ਫ਼ੀਸਦੀ ਨਕਦੀ ਬੈਂਕਿੰਗ ਸਿਸਟਮ ’ਚ ਵਾਪਸ ਆ ਗਈ ਸੀ। ਨੋਟਬੰਦੀ ਦੌਰਾਨ ਗੁਆਈ ਗਈ ਪੂੰਜੀ ਨੂੰ ਵਾਪਸ ਜੁਟਾਉਣ ਦੀ ਕਵਾਇਦ ’ਚ ਲੋਕ ਨਕਦੀ ਜੁਟਾ ਰਹੇ ਹਨ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਰਿਸਰਚ ਫੈਲੋ ਅਵਿਨਾਸ਼ ਤਿਵਾੜੀ ਮੁਤਾਬਕ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਨੋਟਬੰਦੀ ਦੌਰਾਨ ਨਕਦੀ ਦੀ ਕਮੀ ਅਸਥਾਈ ਹੈ ਅਤੇ ਪੂੰਜੀ ਦੀ ਉਪਲੱਬਧਤਾ ਵਧਦਿਆਂ ਹੀ ਅਰਥਵਿਵਸਥਾ ਦੀ ਸਥਿਤੀ ’ਚ ਸੁਧਾਰ ਆਵੇਗਾ ਪਰ ਨੋਟਬੰਦੀ ਤੋਂ ਬਾਅਦ ਲੋਕ ਖਰਚ ਕਰਨ ਦੀ ਬਜਾਏ ਜ਼ਿਆਦਾ ਪੂੰਜੀ ਜਮ੍ਹਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਨਾਲ ਨਕਦੀ ਦੀ ਉਪਲੱਬਧਤਾ ਤਾਂ ਰਹੇਗੀ ਪਰ ਉਸ ਦਾ ਲੈਣ-ਦੇਣ ਘੱਟ ਹੋਣ ਨਾਲ ਅਰਥਵਿਵਸਥਾ ’ਚ ਸੁਸਤੀ ਆਵੇਗੀ ਜੋ ਹੁਣ ਦੇਖਣ ਨੂੰ ਮਿਲ ਰਹੀ ਹੈ।

ਮਾਰਚ 2017 ਤੋਂ ਬਾਅਦ ਤੇਜ਼ੀ ਨਾਲ ਵਧਣ ਲੱਗੀ ਜਮ੍ਹਾ ਪੂੰਜੀ

ਰਿਜ਼ਰਵ ਬੈਂਕ ਲਗਾਤਾਰ ਵਿਆਜ ਦਰ ’ਚ ਕਟੌਤੀ ਕਰ ਕੇ ਅਰਥਵਿਵਸਥਾ ਨੂੰ ਰਫਤਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬਾਜ਼ਾਰ ’ਚ ਪੂੰਜੀ ਪ੍ਰਵਾਹ ਨਾ ਵਧ ਸਕਣ ਨਾਲ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਐੱਨ. ਏ. ਐੱਸ. ਮੁਤਾਬਕ ਨੋਟਬੰਦੀ ਤੋਂ 4 ਮਹੀਨਿਆਂ ਬਾਅਦ ਮਾਰਚ 2017 ਤੱਕ ਆਮ ਹਾਲਾਤ ਬਹਾਲ ਹੋਣ ਮਗਰੋਂ ਘਰਾਂ ’ਚ ਜਮ੍ਹਾ ਰਕਮ ਦੁਬਾਰਾ ਤੇਜ਼ੀ ਨਾਲ ਵਧਣ ਲੱਗੀ ਅਤੇ ਲੋਕਾਂ ਨੇ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਰਕਮ ਬਾਹਰ ਕੱਢੀ। ਬੈਂਕਾਂ ਦੇ ਮੁਕਾਬਲੇ ਘਰਾਂ ’ਚ ਜਮ੍ਹਾ ਰਕਮ ਵਧਣਾ ਖਰਚ ’ਚ ਕਮੀ ਅਤੇ ਇਸ ਕਾਰਣ ਅਰਥਵਿਵਸਥਾ ’ਚ ਸੁਸਤੀ ਦੀ ਇਕ ਵਜ੍ਹਾ ਮੰਨਿਆ ਜਾ ਰਿਹਾ ਹੈ।

ਬੈਂਕਾਂ ’ਚ ਜਮ੍ਹਾ ਹੇਠਲੇ ਪੱਧਰ ’ਤੇ

ਰਿਪੋਰਟ ’ਚ ਇਹ ਸਾਹਮਣੇ ਆਇਆ ਕਿ ਲੋਕਾਂ ਦੀ ਕੁਲ ਬੱਚਤ ’ਚ ਘਰਾਂ ’ਚ ਜਮ੍ਹਾ ਰਕਮ ਦੀ ਹਿੱਸੇਦਾਰੀ 2017-18 ’ਚ 25 ਫ਼ੀਸਦੀ ਸੀ। ਇਹ ਸਾਲ 2011-12 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਸੀ, ਜਦੋਂ ਕਿ ਕੁਲ ਵਿੱਤੀ ਬੱਚਤ ’ਚ ਬੈਂਕਾਂ ’ਚ ਜਮ੍ਹਾ ਦੀ ਹਿੱਸੇਦਾਰੀ 28 ਫ਼ੀਸਦੀ ਸੀ, ਜੋ ਸਾਲ 2011-12 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਸੀ।

ਬਾਜ਼ਾਰ ’ਚ ਚਲਨ ’ਚ ਨੋਟ ਦੇ ਮੁਕਾਬਲੇ ਘਰਾਂ ’ਚ ਜਮ੍ਹਾ ਰਕਮ

ਸਾਲ               ਜਮ੍ਹਾ (ਫ਼ੀਸਦੀ ’ਚ)

2011-12        10.08

2012-13        09.49

2013-14        07.75

2014-15        09.33

2015-16        12.22

2016-17        24.15

2017-18        26.10

Karan Kumar

This news is Content Editor Karan Kumar