ਪਰਿਵਾਰਾਂ ''ਤੇ ਕਰਜ਼ GDP ਦੇ 37.1 ਫ਼ੀਸਦੀ ''ਤੇ ਪੁੱਜਾ, ਬਚਤ ਘਟੀ : RBI

Sunday, Mar 21, 2021 - 04:50 PM (IST)

ਮੁੰਬਈ- ਕੋਰੋਨਾ ਵਾਇਰਸ ਮਹਾਮਾਰੀ ਦੇ ਇਕ ਸਾਲ ਦੌਰਾਨ ਭਾਰਤੀ ਪਰਿਵਾਰਾਂ 'ਤੇ ਕਰਜ਼ ਦਾ ਬੋਝ ਵਧਿਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ, ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਪਰਿਵਾਰਾਂ 'ਤੇ ਕਰਜ਼ ਵੱਧ ਕੇ ਜੀ. ਡੀ. ਪੀ. ਦੇ 37.1 ਫ਼ੀਸਦੀ 'ਤੇ ਪਹੁੰਚ ਗਿਆ। ਉੱਥੇ ਹੀ, ਇਸ ਦੌਰਾਨ ਪਰਿਵਾਰਾਂ ਦੀ ਬਚਤ ਘੱਟ ਕੇ 10.4 ਫ਼ੀਸਦੀ ਦੇ ਹੇਠਲੇ ਪੱਧਰ 'ਤੇ ਆ ਗਈ। 

ਕੀ ਰਹੀ ਵਜ੍ਹਾ-
ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋਏ ਹਨ, ਜਦੋਂ ਕਿ ਵੱਡੀ ਗਿਣਤੀ ਵਿਚ ਲੋਕਾਂ ਦੀ ਤਨਖ਼ਾਹ ਘਟੀ ਹੈ। ਇਸ ਵਜ੍ਹਾ ਨਾਲ ਲੋਕਾਂ ਨੂੰ ਜ਼ਿਆਦਾ ਕਰਜ਼ ਲੈਣਾ ਪਿਆ ਹੈ ਜਾਂ ਫਿਰ ਆਪਣੀ ਬਚਤ ਵਿਚੋਂ ਖ਼ਰਚਿਆਂ ਨੂੰ ਪੂਰਾ ਕਰਨਾ ਪਿਆ ਹੈ। 

ਅੰਕੜਿਆਂ ਮੁਤਾਬਕ, ਦੂਜੀ ਤਿਮਾਹੀ ਵਿਚ ਕੁੱਲ ਕਰਜ਼ ਬਾਜ਼ਾਰ ਵਿਚ ਪਰਿਵਾਰਾਂ ਦੀ ਹਿੱਸੇਦਾਰੀ ਸਾਲਾਨਾ ਆਧਾਰ 'ਤੇ 1.30 ਫ਼ੀਸਦੀ ਵੱਧ ਕੇ 51.5 ਫ਼ੀਸਦੀ 'ਤੇ ਪਹੁੰਚ ਗਈ। ਰਿਜ਼ਰਵ ਬੈਂਕ ਦੇ ਮਾਰਚ ਬੁਲੇਟਿਨ ਮੁਤਾਬਕ, ਮਹਾਮਾਰੀ ਦੀ ਸ਼ੁਰੂਆਤ ਵਿਚ ਲੋਕਾਂ ਦਾ ਝੁਕਾਅ ਬਚਤ ਵੱਲ ਸੀ। ਇਸ ਵਜ੍ਹਾ ਨਾਲ 2020-21 ਦੀ ਪਹਿਲੀ ਤਿਮਾਹੀ ਵਿਚ ਪਰਿਵਾਰਾਂ ਦੀ ਬਚਤ ਜੀ. ਡੀ. ਪੀ. ਦੇ 21 ਫ਼ੀਸਦੀ 'ਤੇ ਪਹੁੰਚ ਗਈ ਸੀ ਪਰ ਦੂਜੀ ਤਿਮਾਹੀ ਵਿਚ ਇਹ ਘੱਟ ਕੇ 10.4 ਫ਼ੀਸਦੀ ਰਹਿ ਗਈ। ਹਾਲਾਂਕਿ, 2019-20 ਦੀ ਦੂਜੀ ਤਿਮਾਹੀ ਦੇ 9.8 ਫ਼ੀਸਦੀ ਤੋਂ ਜ਼ਿਆਦਾ ਹੈ।

ਅਰਥਵਿਵਸਥਾ 'ਚ ਭਰੋਸਾ ਵਧਣ 'ਤੇ ਵਧਦਾ ਹੈ ਖ਼ਰਚ
ਰਿਜ਼ਰਵ ਬੈਂਕ ਦੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਸਾਧਾਰਣ ਤੌਰ 'ਤੇ ਜਦੋਂ ਅਰਥਵਿਵਸਥਾ ਠਹਿਰਦੀ ਹੈ ਜਾਂ ਉਸ ਵਿਚ ਗਿਰਾਵਟ ਆਉਂਦੀ ਹੈ ਤਾਂ ਪਰਿਵਾਰਾਂ ਦੀ ਬਚਤ ਵਧਦੀ ਹੈ। ਉੱਥੇ ਹੀ, ਜਦੋਂ ਅਰਥਵਿਵਸਥਾ ਸੁਧਰਦੀ ਹੈ ਤਾਂ ਬਚਤ ਘਟਦੀ ਹੈ ਕਿਉਂਕਿ ਲੋਕਾਂ ਦਾ ਖ਼ਰਚ ਕਰਨ ਨੂੰ ਲੈ ਕੇ ਭਰੋਸਾ ਵਧਦਾ ਹੈ।

Sanjeev

This news is Content Editor Sanjeev