ਹੋਟਲ ਤਾਜ ਮਾਨਸਿੰਘ ਦੀ ਨਿਲਾਮੀ, ITC ਵੀ ਉਤਰੀ ਮੈਦਾਨ ''ਚ

07/10/2018 3:02:47 PM

ਨਵੀਂ ਦਿੱਲੀ — ਪੰਜ-ਤਾਰਾ ਹੋਟਲ ਤਾਜ ਮਹਿਲ(ਤਾਜ ਮਾਨਸਿੰਘ ਨਾਮ ਨਾਲ ਮਸ਼ਹੂਰ) ਦੀ ਨਿਲਾਮੀ ਦਾ ਕੰਮ ਨਵੀਂ ਦਿੱਲੀ ਨਗਰ ਪ੍ਰੀਸ਼ਦ(ਐੱਨ.ਡੀ.ਐੱਮ.ਸੀ.) ਲਈ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਜਾਇਦਾਦ ਦੀ ਨਿਲਾਮੀ ਦੀ ਦੂਜੀ ਕੋਸ਼ਿਸ਼ ਵੀ ਅਸਫਲ ਰਹੀ ਕਿਉਂਕਿ ਇਸ ਵਾਰ ਵੀ ਸਿਰਫ ਦੋ ਬੋਲੀਆਂ ਹੀ ਮਿਲੀਆਂ, ਜਦੋਂਕਿ ਨਿਲਾਮੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਤਿੰਨ ਬੋਲੀਆਂ ਤੋਂ ਇਕ ਘੱਟ ਹੈ। ਸਮਝਿਆ ਜਾਂਦਾ ਹੈ ਕਿ ਮੌਜੂਦਾ ਓਪਰੇਟਰ ਇੰਡੀਅਨ ਹੋਟਲਜ਼ ਕੰਪਨੀ ਲਿਮਟਿਡ ਅਤੇ ਆਈ.ਟੀ.ਸੀ. ਨੇ ਸੋਮਵਾਰ ਨੂੰ ਬੋਲੀ ਜਮ੍ਹਾ ਕਰਵਾਈ ਹੈ। 
ਟੈਂਡਰ ਦੀਆਂ ਸ਼ਰਤਾਂ ਅਧੀਨ ਐੱਨ.ਡੀ.ਐੱਮ.ਸੀ. ਨੂੰ ਘੱਟੋ-ਘੱਟ ਤਿੰਨ ਬੋਲੀਆਂ ਵੀ ਮਿਲੀਆਂ ਹੁੰਦੀਆਂ ਤਾਂ ਉਹ 18 ਜੁਲਾਈ ਨੂੰ ਨਿਲਾਮੀ ਪ੍ਰਕਿਰਿਆ ਅੱਗੇ ਵਧਾਉਂਦੀ। ਤਾਜ ਮਾਨ ਸਿੰਘ ਦੀ ਨਿਲਾਮੀ ਪ੍ਰਕਿਰਿਆ ਭਵਿੱਖ ਵਿਚ ਮੁੜ ਸੰਗਠਿਤ ਕਰਨੀ ਹੋਵੇਗੀ, ਜਿਸ ਦਾ ਫੈਸਲਾ ਐੱਨ.ਡੀ.ਐੱਮ.ਸੀ. ਕਰੇਗੀ। ਟੈਂਡਰ ਦੇ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਤਿੰਨ ਬੋਲੀਆਂ ਤੋਂ ਘੱਟ ਬੋਲੀਆਂ ਮਿਲਣ ਤੱਕ ਬੋਲੀ ਦੁਬਾਰਾ ਰੱਖੀ ਜਾਵੇਗੀ।
ਐੱਨ.ਡੀ.ਐੱਮ.ਸੀ. ਨੂੰ 7 ਜੂਨ ਨੂੰ ਸਿਰਫ ਇਕ ਬੋਲੀ ਮਿਲੀ ਸੀ ਉਹ ਵੀ ਆਈ.ਐੱਚ.ਸੀ.ਐੱਲ. ਤੋਂ , ਜਿਸ ਕਾਰਨ ਇਸ ਪ੍ਰਕਿਰਿਆ ਨੂੰ ਮੁਅੱਤਲ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਹੀ ਨਿਯਮਾਂ ਦੀਆਂ ਸ਼ਰਤਾਂ ਨਾਲ ਬੋਲੀ ਮੰਗਣ ਦਾ ਫੈਸਲਾ ਕੀਤਾ ਗਿਆ ਤਾਂ ਸਿਰਫ ਦੋ ਬੋਲੀਆਂ ਹੀ ਮਿਲੀਆਂ। ਹੋਟਲ ਉਦਯੋਗ ਵਿਚ ਉਸ ਸਮੇਂ ਸੁਸਤ ਪ੍ਰਕਿਰਿਆ ਮਿਲ ਰਹੀ ਹੈ ਜਦੋਂ ਕਿ ਇਹ ਖੇਤਰ ਇਸ ਸਮੇਂ ਤੇਜ਼ੀ 'ਚ ਹੈ। 

ਟੈਂਡਰ ਦੀਆਂ ਸ਼ਰਤਾਂ ਕਾਫੀ ਪ੍ਰਤਿਬੰਧਿਤ
ਇਸ ਤੋਂ ਬਾਅਦ ਅਪ੍ਰੈਲ 'ਚ ਕੁਝ ਸ਼ਰਤਾਂ 'ਚ ਛੋਟ ਦੇਣ ਦੇ ਬਾਅਦ ਵੀ ਕਈ ਹੋਟਲ ਕੰਪਨੀਆਂ ਅੱਗੇ ਨਹੀਂ ਆਈਆਂ। ਕੁਝ ਕੰਪਨੀਆਂ ਨੇ ਕਿਹਾ ਕਿ ਬੋਲੀ ਤੋਂ ਪਹਿਲਾਂ ਮੀਟਿੰਗ ਵਿਚ ਸੰਭਾਵੀ ਬੋਲੀਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦਾ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਕਈ ਹੋਰ ਕਾਰਨ ਦੱਸਦੇ ਹੋਏ ਕੰਪਨੀਆਂ ਨੇ ਕਿਹਾ ਕਿ ਟੈਂਡਰ ਦੀਆਂ ਸ਼ਰਤਾਂ ਕਾਫੀ ਪ੍ਰਤਿਬੰਧਿਤ ਹਨ। ਸਿਰਫ ਬੋਲੀ ਲਈ ਸਕਿਓਰਿਟੀ ਨੂੰ ਹੀ ਲੈ ਲਓ। ਟੈਂਡਰ ਵਿਚ ਕਿਹਾ ਗਿਆ ਹੈ ਕਿ ਜੇਕਰ ਬੋਲੀਦਾਤਾ ਨੂੰ ਯੋਗਤਾ ਸ਼ਰਤਾਂ ਲਈ ਅਯੋਗ ਸਮਝਿਆ ਜਾਂਦਾ ਹੈ ਤਾਂ ਉਸ ਦੀ ਸਕਿਓਰਿਟੀ ਜ਼ਬਤ ਕਰ ਲਈ ਜਾਵੇਗੀ। ਇਸ ਲਈ ਇਕੱਲੀ ਸਕਿਓਰਿਟੀ ਹੀ 25 ਕਰੋੜ ਰੁਪਏ ਹੈ। 
ਕੁਝ ਕੰਪਨੀਆਂ ਨੇ ਕਿਹਾ ਕਿ ਐੱਨ.ਡੀ.ਐੱਮ.ਸੀ. ਵਲੋਂ ਬੋਲੀ ਵਿਜੇਤਾ ਕੋਲੋਂ ਵਿੱਤੀ ਮੰਗ ਵੀ ਬਹੁਤ ਜ਼ਿਆਦਾ ਸੀ। ਇਸ ਸੰਪਤੀ ਦੀ ਅਗਲੇ ਓਪਰੇਟਰ ਨੂੰ ਘੱਟ ਤੋਂ ਘੱਟ 17.25 ਫੀਸਦੀ ਮਾਲੀਆ ਸਾਂਝੇਦਾਰੀ ਦਾ ਭਰੋਸਾ ਦੇਣਾ ਹੋਵੇਗਾ ਅਤੇ ਹਰ ਮਹੀਨੇ 2.96 ਕਰੋੜ ਦੀ ਡਿਊਟੀ(ਫੀਸ) ਦੀ ਗਾਰੰਟੀ ਦੇਣੀ ਹੋਵੇਗੀ। ਇਸ ਤੋਂ ਇਲਾਵਾ 53.3 ਕਰੋੜ ਰੁਪਏ ਦੀ ਅਗਾਊਂ ਗੈਰ-ਵਾਪਸੀਯੋਗ ਰਕਮ ਵੀ ਹੈ। ਐੱਨ.ਡੀ.ਐੱਮ.ਸੀ. 35.5 ਕਰੋੜ ਰੁਪਏ ਦੀ ਕਾਰਗੁਜ਼ਾਰੀ ਸੁਰੱਖਿਆ ਵੀ ਮੰਗ ਰਹੀ ਹੈ। ਇਸ ਲਈ ਲੀਜ਼ ਦੀ ਮਿਆਦ 33 ਸਾਲ ਰੱਖੀ ਗਈ ਹੈ, ਇੰਨੇ ਹੀ ਸਮੇਂ ਲਈ ਆਈ.ਐੱਚ.ਸੀ.ਐੱਲ. ਨੂੰ ਚਾਰ ਦਹਾਕੇ ਪਹਿਲਾਂ 1976 'ਚ ਲੀਜ਼ ਮਿਲੀ ਸੀ।

ਬੋਲੀ ਵਿਜੇਤਾ ਸਾਹਮਣੇ ਪੇਸ਼ ਆਉਣ ਵਾਲੀਆਂ ਚੁਣੋਤੀਆਂ
ਬੋਲੀ ਵਿਜੇਤਾ ਨੂੰ ਪਹਿਲੇ ਦਿਨ ਤੋਂ ਹੀ ਐੱਨ.ਡੀ.ਐੱਮ.ਸੀ. ਨੂੰ ਭੁਗਤਾਨ ਕਰਨਾ ਸ਼ੁਰੂ ਕਰਨਾ ਹੋਵੇਗਾ ਜਦੋਂਕਿ ਅਸਲੀ ਆਮਦਨੀ ਮਿਲਣ 'ਚ ਕਈ ਮਹੀਨੇ ਲੱਗ ਸਕਦੇ ਹਨ। ਹੋਟਲ ਦੀ ਮੁਰੰਮਤ ਲਈ ਕਈ ਸਾਲ ਲੱਗ ਸਕਦੇ ਹਨ। ਇਸ ਦੌਰਾਨ ਤਾਜ ਮਾਨ ਸਿੰਘ ਦੇ ਸਥਾਈ ਮਹਿਮਾਨਾਂ ਨੂੰ ਦੂਜੇ ਹੋਟਲਾਂ ਵਿਚ ਸ਼ਿਫਟ ਕਰਨਾ ਹੋਵੇਗਾ। ਟਾਟਾ ਗਰੁੱਪ ਦੀ ਆਈ.ਐੱਚ.ਸੀ.ਐੱਲ. ਨੇ 1976 'ਚ ਐੱਨ.ਡੀ.ਐੱਮ.ਸੀ. ਨਾਲ ਲੀਜ਼ ਸਮਝੋਤਾ ਕੀਤਾ ਸੀ ਅਤੇ 292 ਕਮਰਿਆਂ ਵਾਲੇ ਇਸ ਨੂੰ ਹੋਟਲ ਨੂੰ 2 ਸਾਲ ਬਾਅਦ ਸ਼ੁਰੂ ਕੀਤਾ ਸੀ। ਸਾਲ 2011 'ਚ 33 ਸਾਲ ਪੁਰਾਣਾ ਲੀਜ਼ ਸਮਝੋਤਾ ਪੂਰਾ ਹੋ ਗਿਆ। ਜਿਸ ਸਮੇਂ ਐੱਨ.ਡੀ.ਐੱਮ.ਸੀ. ਨੇ ਇਸ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ ਦਿੱਤੀ। ਕਈ ਵਾਰ ਲੀਜ਼ ਦੀ ਮਿਆਦ ਵਧਾਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਪਿਛਲੇ ਸਾਲ ਅਪ੍ਰੈਲ 'ਚ ਨਿਲਾਮੀ ਲਈ ਮਨਜ਼ੂਰੀ ਦੇ ਦਿੱਤੀ।