ਸਰਕਾਰੀ ਬੈਂਕ ਵੱਲੋਂ ਕਰਜ਼ ਦਰਾਂ 'ਚ 0.25 ਫੀਸਦੀ ਦੀ ਕਟੌਤੀ, ਘਟੇਗੀ ਤੁਹਾਡੀ EMI

05/30/2020 11:46:14 AM

ਨਵੀਂ ਦਿੱਲੀ— ਜਨਤਕ ਖੇਤਰ ਦੇ ਬੈਂਕ ਆਫ ਇੰਡੀਆ (ਬੀ. ਓ. ਆਈ.) ਨੇ ਐੱਮ. ਸੀ. ਐੱਲ. ਆਰ. ਆਧਾਰਿਤ ਕਰਜ਼ ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਇਸ  ਨਾਲ ਘਰ, ਕਾਰ ਸਮੇਤ ਸਾਰੇ ਤਰ੍ਹਾਂ ਦੇ ਛੋਟੇ ਕਾਰੋਬਾਰਾਂ ਲਈ ਕਰਜ਼ ਲੈਣਾ ਸਸਤਾ ਹੋਣ ਜਾ ਰਿਹਾ ਹੈ।

ਬੈਂਕ ਨੇ ਐੱਮ. ਸੀ. ਐੱਲ. ਆਰ. 'ਚ 0.25 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ, ਜੋ 1 ਜੂਨ 2020 ਯਾਨੀ ਅਗਲੇ ਸੋਮਵਾਰ ਤੋਂ ਪ੍ਰਭਾਵੀ ਹੋਵੇਗੀ। ਬੈਂਕ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਨਵੀਆਂ ਵਿਆਜ ਦਰਾਂ ਲਾਗੂ ਹੋਣ ਤੋਂ ਬਾਅਦ ਇਕ ਸਾਲ ਵਾਲੇ ਐੱਮ. ਸੀ. ਐੱਲ. ਆਰ. ਦੀ ਦਰ ਘੱਟ ਕੇ 7.70 ਫੀਸਦੀ ਰਹਿ ਜਾਵੇਗੀ, ਜੋ ਹੁਣ ਤੱਕ 7.95 ਫੀਸਦੀ ਸੀ। ਇਸੇ ਤਰ੍ਹਾਂ ਛੇ ਮਹੀਨਿਆਂ ਦੀ ਮਿਆਦ ਵਾਲੇ ਐੱਮ. ਸੀ. ਐੱਲ. ਆਰ. ਦੀ ਦਰ 7.60 ਫੀਸਦੀ ਰਹਿ ਜਾਵੇਗੀ।

ਬੈਂਕ ਨੇ ਕਿਹਾ ਕਿ ਉਸ ਨੇ ਰਿਜ਼ਰਵ ਬੈਂਕ ਦੀ ਰੇਪੋ ਦਰ ਨਾਲ ਜੁੜੇ ਕਰਜ਼ ਦੀ ਵਿਆਜ ਦਰ ਵੀ 0.40 ਫੀਸਦੀ ਘਟਾ ਕੇ 6.85 ਫੀਸਦੀ ਕਰ ਦਿੱਤੀ ਹੈ। ਬੈਂਕ ਆਫ ਇੰਡੀਆ ਦੇ ਇਸ ਕਦਮ ਨਾਲ ਘਰ ਲਈ ਕਰਜ਼ ਲੈਣ ਵਾਲੇ, ਕਾਰ ਲੈਣ ਲਈ ਅਤੇ ਛੋਟੇ ਕਾਰੋਬਾਰ ਦੇ ਲੱਖਾਂ ਗਾਹਕਾਂ ਨੂੰ ਫਾਇਦਾ ਹੋਵੇਗਾ। ਬੈਂਕ ਦੇ ਇਸ ਕਦਮ ਨਾਲ ਉਨ੍ਹਾਂ ਦੀ ਈ. ਐੱਮ. ਆਈ. ਘੱਟ ਜਾਵੇਗੀ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਪ੍ਰਚੂਨ ਕਰਜ਼ ਇਕ ਸਾਲੇ ਵਾਲੇ ਐੱਮ. ਸੀ. ਐੱਲ. ਆਰ. ਨਾਲ ਜੁੜੇ ਹੁੰਦੇ ਹਨ। ਇਸ 'ਚ ਕਟੌਤੀ ਹੋਣ ਨਾਲ ਕਾਫੀ ਗਾਹਕਾਂ ਨੂੰ ਫਾਇਦਾ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਬੈਂਕ ਕਰਜ਼ ਦਰਾਂ ਘਟਾਉਣ ਦੇ ਨਾਲ-ਨਾਲ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ 'ਤੇ ਵੀ ਕੈਂਚੀ ਚਲਾ ਰਹੇ ਹਨ।

Sanjeev

This news is Content Editor Sanjeev