ਸਿਰਫ 59 ਮਿੰਟ ''ਚ ਮਿਲੇਗਾ ਹੋਮ ਤੇ ਪਰਸਨਲ ਲੋਨ, 19 ਬੈਂਕਾਂ ਦੇ ਗਾਹਕਾਂ ਨੂੰ ਹੋਵੇਗਾ ਲਾਭ

09/06/2019 6:34:30 PM

ਨਵੀਂ ਦਿੱਲੀ — ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕਰਜ਼ਾ ਲੈਣ ਲਈ ਆਮ ਲੋਕਾਂ ਨੂੰ ਕਈ ਦਿਨਾਂ ਤੱਕ ਬੈਂਕਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਪਰ ਹੁਣ ਸਿਰਫ 1 ਘੰਟੇ ਅੰਦਰ ਘਰ ਬੈਠੇ ਤੁਹਾਡੇ ਲੋਨ ਨੂੰ ਮਨਜ਼ੂਰੀ ਮਿਲ ਸਕੇਗੀ। ਇਸ ਲਈ ਦੇਸ਼ ਦੇ ਕਈ ਵੱਡੇ ਬੈਂਕਾਂ ਨੇ ਖਾਸ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਦੇਸ਼ ’ਚ ਸੂਖਮ, ਲਘੂ ਅਤੇ ਮੱਧ ਆਕਾਰੀ ਉਦਯੋਗਾਂ (ਐੱਮ. ਐੱਸ. ਐੱਮ. ਈ.) ਨੂੰ ਆਸਾਨੀ ਨਾਲ ਕਰਜ਼ਾ (ਲੋਨ) ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਪਲੇਟਫਾਰਮ ਪੀ ਐੱਸ ਬੀ ਲੋਨਸ ਇਨ 59 ਮਿੰਟ ਡਾਟ ਕਾਮ ਨੇ ਹੁਣ ਘਰ ਅਤੇ ਨਿੱਜੀ ਜ਼ਰੂਰਤ ਲਈ ਕਰਜ਼ਾ ਗਾਹਕਾਂ ਲਈ ਸਿਧਾਂਤਕ ਰੂਪ ਨਾਲ ਰਿਟੇਲ ਕਰਜ਼ੇ ਦੀ ਸਿਧਾਂਤਕ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਲਾਂਚ ਕੀਤੀ ਹੈ।

ਇਹ ਬੈਂਕ ਹਨ ਸ਼ਾਮਲ

ਇਸ ਦੇ ਤਹਿਤ ਬਿਨੇਕਾਰ ਹੁਣ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.), ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ ਅਤੇ ਯੂਨੀਅਨ ਬੈਂਕ ਆਫ ਇੰਡੀਆ ਵਰਗੇ ਜਨਤਕ ਖੇਤਰ ਦੇ 19 ਬੈਂਕਾਂ ਦੇ ਮਾਧਿਅਮ ਨਾਲ 59 ਮਿੰਟ ਦੇ ਅੰਦਰ ਕਰਜ਼ੇ ਲਈ ਸਿਧਾਂਤਕ ਮਨਜ਼ੂਰੀ ਪ੍ਰਾਪਤ ਕਰ ਸਕਦੇ ਹਨ। ਗਾਹਕਾਂ ਨੂੰ ਇਸ ਡਿਜੀਟਲ ਪ੍ਰਕਿਰਿਆ ’ਚ ਬੈਂਕ ਚੁਣਨ ਲਈ ਕਈ ਬਦਲ ਮਿਲਣਗੇ। ਇਸ ਤਰ੍ਹਾਂ ਕਰਜ਼ਾ ਲੈਣ ਦੇ ਚਾਹਵਾਨ ਲੋਕਾਂ ਨੂੰ ਘਰ ਅਤੇ ਨਿੱਜੀ ਵਰਤੋਂ ਲਈ ਤੁਰੰਤ ਅਤੇ ਪ੍ਰੇਸ਼ਾਨੀ ਮੁਕਤ ਪਹੁੰਚ ਹਾਸਲ ਹੋਵੇਗੀ, ਭਾਵੇਂ ਬੈਂਕਾਂ ਦੀ ਉਪਲੱਬਧ ਸੂਚੀ ਦੇ ਨਾਲ ਉਨ੍ਹਾਂ ਦਾ ਬੈਂਕਿੰਗ ਅਤੇ ਵਿੱਤੀ ਸੰਬੰਧ ਹੋਵੇ ਜਾਂ ਨਾ।

ਬਿਜ਼ਨੈੱਸ ਲੋਨ

ਸਰਕਾਰ ਨੇ ਪਹਿਲਾਂ ਇਹ ਯੋਜਨਾ ਕਾਰੋਬਾਰੀ ਕਰਜ਼ੇ ਲਈ ਸ਼ੁਰੂ ਕੀਤੀ ਸੀ। ਜੇਕਰ ਤੁਸੀਂ ਵੀ ਕਿਸੇ ਕਾਰੋਬਾਰ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਇਸ ਪੋਰਟਲ ਤੋਂ ਤੁਸੀਂ 1 ਲੱਖ ਰੁਪਏ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਲੋਨ ਲੈ ਸਕਦੇ ਹੋ ਅਤੇ ਉਹ ਵੀ ਸਿਰਫ 50 ਮਿੰਟ ਅੰਦਰ। ਬਿਜ਼ਨੈੱਸ ਲੋਨ ਲੈਣ ਲਈ ਤੁਹਾਨੂੰ ਜੀ.ਐਸ.ਟੀ. ਨੰਬਰ, ਆਮਦਨ ਟੈਕਸ ਰਿਟਰਨ(ITR), ਪਿਛਲੇ 6 ਮਹੀਨੇ ਦੀ ਬੈਂਕ ਸਟੇਟਮੈਂਟ ਅਤੇ ਕਾਰੋਬਾਰ ਦੇ ਨਿਰਦੇਸ਼ਕ ਦਾ ਵੇਰਵਾ ਦੇਣਾ ਹੋਵੇਗਾ। ਇਨ੍ਹਾਂ ਦਸਤਾਵੇਜ਼ਾਂ ਦੇ ਨਾਲ ਲੋਨ ਅਪਲਾਈ ਕਰਨ ਵਾਲੇ ਵਿਅਕਤੀ ਦਾ ਕਰਜ਼ਾ 1 ਘੰਟੇ ਅੰਦਰ ਮਨਜ਼ੂਰ ਹੋ ਜਾਵੇਗਾ।

ਪਰਸਨਲ ਜਾਂ ਹੋਮ ਲੋਨ

ਇਸ ਯੋਜਨਾ 'ਚ ਹੁਣ ਪਰਸਨਲ ਅਤੇ ਹੋਮ ਲੋਨ ਵੀ ਜੋੜ ਦਿੱਤਾ ਹੈ। ਇਥੇ ਤੁਸੀਂ 15 ਲੱਖ ਤੱਕ ਦਾ ਪਰਸਨਲ ਲੋਨ ਅਤੇ 10 ਕਰੋੜ ਰੁਪਏ ਤੱਕ ਦਾ ਹੋਮ ਲੋਨ ਅਪਲਾਈ ਕਰ ਸਕਦੇ ਹੋ। ਇਸ ਤਰ੍ਹਾਂ ਦੇ ਲੋਨ ਲਈ ਤੁਹਾਨੂੰ ਆਪਣਾ ਆਮਦਨ ਟੈਕਸ ਰਿਟਰਨ(ITR), ਪਿਛਲੇ 6 ਮਹੀਨੇ ਦੀ ਬੈਂਕ ਸਟੇਟਮੈਂਟ, ਤੁਹਾਡਾ ਪਰਸਨਲ ਵੇਰਵਾ ਦੇਣਾ ਹੋਵੇਗਾ।

ਕਿਵੇਂ ਕੰਮ ਕਰਦਾ ਹੈ PSB loan in 59 minutes?

ਇਸ ਪਲੇਟਫਾਰਮ 'ਤੇ ਲੋਨ ਲੈਣ ਵਾਲੇ ਵਿਅਕਤੀ ਨੂੰ ਸਾਰੀਆਂ ਜ਼ਰੂਰੀ ਜਾਣਕਾਰੀਆਂ ਅਪਲੋਡ ਕਰਨੀਆਂ ਹੁੰਦੀਆਂ ਹਨ। ਇਸ ਤੋਂ ਬਾਅਦ ਆਟੋਮੈਟਿਕ ਸਿਬਿਲ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਲੋਨ ਦੀ ਰਕਮ ਤੈਅ ਹੋ ਜਾਂਦੀ ਹੈ। ਇਸ ਲੋਨ ਦੀ ਰਾਸ਼ੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬਿਨੈਕਾਰ ਬੈਂਕ ਸ਼ਾਖਾ ਨਾਲ ਕਨੈਕਟ ਹੋ ਜਾਂਦਾ ਹੈ। ਇਹ ਸਾਰੀ ਪ੍ਰਕਿਰਿਆ ਸਿਰਫ 59 ਮਿੰਟ 'ਚ ਪੂਰੀ ਹੋ ਜਾਂਦੀ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ 'psbloansin59minutes' ਵੈਬਸਾਈਟ 'ਤੇ ਵਿਜ਼ਟ ਕੀਤਾ ਜਾ ਸਕਦਾ ਹੈ।