HERO ਦੇ ਸਕੂਟਰ, ਬਾਈਕ ਹੋਣਗੇ ਮਹਿੰਗੇ, ਕੰਪਨੀ ਵੱਲੋਂ ਕੀਮਤਾਂ ''ਚ ਵਾਧਾ

12/10/2019 3:05:21 PM

ਨਵੀਂ ਦਿੱਲੀ— ਹੁਣ ਟੂ-ਵ੍ਹੀਲਰ ਕੰਪਨੀ ਹੀਰੋ ਮੋਟੋਕਾਰਪ ਵੀ ਜਨਵਰੀ ਤੋਂ ਮੋਟਰਸਾਈਕਲਾਂ ਤੇ ਸਕੂਟਰਾਂ ਦੀ ਕੀਮਤ 'ਚ ਦੋ ਹਜ਼ਾਰ ਰੁਪਏ ਦਾ ਵਾਧਾ ਕਰਨ ਜਾ ਰਹੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਕੀਮਤਾਂ 'ਚ ਇਹ ਵਾਧਾ ਉਸ ਦੇ ਸਾਰੇ ਟੂ-ਵ੍ਹੀਲਰਾਂ 'ਤੇ ਲਾਗੂ ਹੋਵੇਗਾ ਤੇ ਮਾਡਲ ਅਤੇ ਮਾਰਕੀਟ ਅਨੁਸਾਰ ਇਹ ਵੱਖ-ਵੱਖ ਹੋਵੇਗਾ। ਹਾਲਾਂਕਿ, ਕੰਪਨੀ ਨੇ ਕੀਮਤਾਂ ਵਧਾਉਣ ਪਿੱਛੇ ਕਾਰਨ ਦਾ ਖੁਲਾਸਾ ਨਹੀਂ ਕੀਤਾ।

ਹੀਰੋ ਮੋਟੋਕਾਰਪ 39,900 ਰੁਪਏ ਤੋਂ ਲੈ ਕੇ 1.05 ਲੱਖ ਰੁਪਏ ਤੱਕ ਦੇ ਮੋਟਰਸਾਈਕਲ ਤੇ ਸਕੂਟਰ ਵੇਚਦੀ ਹੈ। 2018-19 ਦੀ ਸਾਲਾਨਾ ਰਿਪੋਰਟ ਅਨੁਸਾਰ ਹੀਰੋ ਮੋਟੋਕਾਰਪ ਸਾਲ 'ਚ 90 ਲੱਖ ਦੋਪਹੀਆ ਵਾਹਨਾਂ ਦਾ ਨਿਰਮਾਣ ਕਰਦੀ ਹੈ।

ਕੰਪਨੀ ਦੀ ਸਪਲੈਂਡਰ ਬਾਈਕ ਸਭ ਤੋਂ ਜ਼ਿਆਦਾ ਵਿਕ ਰਹੀ ਹੈ। ਉੱਥੇ ਹੀ ਗਲੈਮਰ, ਪੈਸ਼ਨ, ਇਗਨਾਈਟਰ,  ਐਕਸਟ੍ਰੀਮ-200 ਆਰ ਹੰਕ ਨੂੰ ਨੌਜਵਾਨ ਕਾਫੀ ਪਸੰਦ ਕਰਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਹੀ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਜਨਵਰੀ 2020 ਤੋਂ ਆਪਣੀਆਂ ਕਾਰਾਂ ਦੀ ਕੀਮਤ 'ਚ ਵਾਧਾ ਕਰਨ ਦਾ ਐਲਾਨ ਕੀਤਾ ਸੀ। ਟੋਇਟਾ, ਮਹਿੰਦਰਾ ਤੇ ਮਰਸਡੀਜ਼ ਬੈਂਜ ਨੇ ਵੀ ਕਿਹਾ ਹੈ ਕਿ ਉਹ ਜਨਵਰੀ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕਰਨਗੇ।