ਅਕਤੂਬਰ 'ਚ 2 ਹਜ਼ਾਰ ਕਰੋੜ ਰੁਪਏ ਵਧੀ ਸਰਕਾਰ ਦੀ ਕਮਾਈ

11/19/2017 11:33:28 AM

ਬੇਂਗਲੁਰੂ— ਜੀ. ਐੱਸ. ਟੀ. ਤਹਿਤ ਸਤੰਬਰ ਦੇ ਮੁਕਾਬਲੇ ਅਕਤੂਬਰ 'ਚ ਤਕਰੀਬਨ 2000 ਕਰੋੜ ਰੁਪਏ ਦਾ ਜ਼ਿਆਦਾ ਮਾਲੀਆ ਜਮ੍ਹਾ ਹੋਇਆ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਜੀ. ਐੱਸ. ਟੀ. ਪ੍ਰੀਸ਼ਦ 'ਚ ਮੰਤਰੀਆਂ ਦੇ ਸਮੂਹ ਦੇ ਮੁਖੀ ਸੁਸ਼ੀਲ ਮੋਦੀ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਕਤੂਬਰ ਦੌਰਾਨ ਮਾਲੀਆ ਦੇ ਤੌਰ 'ਤੇ 95,131 ਕਰੋੜ ਰੁਪਏ ਜਮ੍ਹਾ ਹੋਏ। ਦੇਸ਼ 'ਚ ਜੀ. ਐੱਸ. ਟੀ. ਜੁਲਾਈ ਤੋਂ ਲਾਗੂ ਹੈ ਅਤੇ ਅਕਤੂਬਰ 'ਚ ਜੋ ਮਾਲੀਆ ਮਿਲਿਆ ਹੈ ਉਹ ਜੀ. ਐੱਸ. ਟੀ. ਦੇ ਸਫਰ 'ਚ ਹੁਣ ਤਕ ਦਾ ਸਭ ਤੋਂ ਵਧ ਮਹੀਨਾਵਰ ਮਾਲੀਆ ਹੈ। 
ਸੁਸ਼ੀਲ ਮੋਦੀ ਨੇ ਇਹ ਵੀ ਦੱਸਿਆ ਕਿ ਸੂਬਿਆਂ ਦੇ ਮਾਲੀਏ 'ਚ ਔਸਤ ਕਮੀ ਘੱਟ ਕੇ 17.6 ਫੀਸਦੀ 'ਤੇ ਆ ਗਈ ਹੈ। ਜੀ. ਐੱਸ. ਟੀ. ਤਹਿਤ ਸਤੰਬਰ ਮਹੀਨੇ 'ਚ ਸਰਕਾਰ ਦਾ ਮਾਲੀਆ 93,141 ਕਰੋੜ ਰੁਪਏ ਸੀ। ਸੁਸ਼ੀਲ ਮੋਦੀ ਨੇ ਕਿਹਾ ਕਿ ਸਾਰੇ ਸੂਬਿਆਂ ਦੇ ਮਾਲੀਏ 'ਚ ਅਗਸਤ ਮਹੀਨੇ 'ਚ ਔਸਤ ਕਮੀ 28.4 ਫੀਸਦੀ ਸੀ, ਜੋ ਅਕਤੂਬਰ 'ਚ ਘੱਟ ਹੋ ਕੇ 17.6 ਫੀਸਦੀ 'ਤੇ ਆ ਗਈ ਹੈ। ਮੰਤਰੀਆਂ ਦੇ ਸਮੂਹ ਦੀ ਬੈਠਕ ਤੋਂ ਬਾਅਦ ਸ਼ਨੀਵਾਰ ਨੂੰ ਬੇਂਗਲੁਰੂ 'ਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਚੰਗਾ ਸੰਕੇਤ ਹੈ, ਜੋ ਦਰਸਾਉਂਦਾ ਹੈ ਕਿ ਵਿਵਸਥਾ ਹੌਲੀ-ਹੌਲੀ ਸਥਿਰ ਹੋ ਰਹੀ ਹੈ।