ਡਾਟਾ ਐਨਾਲਿਸਿਸ 'ਚ GST ਨਹੀਂ ਦੇਣ ਵਾਲਿਆਂ ਦਾ ਪਤਾ ਲੱਗਿਆ, ਸੂਬਿਆਂ ਨੂੰ ਕਾਰਵਾਈ ਦਾ ਆਦੇਸ਼

07/15/2018 4:24:39 PM

ਬੰਗਲੁਰੂ—ਜੀ.ਐੱਸ.ਟੀ.ਐੱਨ. ਮੰਤਰੀ ਗਰੁੱਪ ਨੇ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਟੈਕਸ ਡਿਫਾਲਟਰਾਂ ਖਿਲਾਫ ਕਰਵਾਈ ਕਰਨ ਜਿਨ੍ਹਾਂ ਨੇ ਇੰਫੋਸਿਸ ਵਲੋਂ ਤਿਆਰ ਡਾਟਾ ਐਨਾਲਿਸਿਸ ਸਲਿਊਸ਼ਨ ਰਾਹੀਂਂ ਨਿਸ਼ਾਨਬੱਧ ਕੀਤਾ ਗਿਆ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਜੀ.ਐੱਸ.ਟੀ.ਐੱਨ. ਮੰਤਰੀ ਗਰੁੱਪ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਇੰਫੋਸਿਸ ਵਲੋਂ ਬਣਾਏ ਗਏ ਡਾਟਾ ਐਨਾਲਿਸਿਸ ਸਲਿਊਸ਼ਨ ਰਾਹੀਂ ਅਸੀਂ ਜੀ.ਐੱਸ.ਟੀ.ਆਰ.ਐੱਨ.3ਬੀ ਅਤੇ ਜੀ.ਐੱਸ.ਟੀ.ਆਰ.ਐੱਨ. 1 ਦਾਖਲ ਕੀਤੇ ਜਾਣ ਦੌਰਾਨ ਵੱਡੀ ਗਿਣਤੀ 'ਚ ਗੜਬੜੀਆਂ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। 
ਮੋਦੀ ਨੇ ਕਿਹਾ ਕਿ ਅਸੀਂ ਦੋ ਰਿਪੋਰਟਾਂ ਤਿਆਰ ਕੀਤੀਆਂ ਹਨ ਜੋ ਸੂਬਾ ਸਰਕਾਰ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਡਿਫਾਲਟਰਾਂ ਦੇ ਖਿਲਾਫ ਕਾਰਵਾਈ ਕਰ ਸਕਣ। ਜੀ.ਐੱਸ.ਟੀ. ਲਾਗੂ ਹੋਣ ਨਾਲ ਆ ਰਹੀ ਸੂਚਨਾ ਅਤੇ ਤਕਨੀਕੀ ਸੰਬੰਧਤ ਚੁਣੌਤੀਆਂ 'ਤੇ ਨਿਗਰਾਨੀ ਰੱਖਣ ਅਤੇ ਉਸ ਦਾ ਹੱਲ ਕਰਨ ਲਈ ਗਠਿਤ ਇਸ ਮੰਤਰੀ ਗਰੁੱਪ ਦੇ ਪ੍ਰਧਾਨ ਸੁਸ਼ੀਲ ਕੁਮਾਰ ਮੋਦੀ ਹਨ।
ਮੀਟਿੰਗ 'ਚ ਇੰਫੋਸਿਸ ਦੇ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ.) ਪ੍ਰਵੀਨ ਰਾਓ ਸਮੇਤ ਹੋਰ ਸਾਬਕਾ ਕਾਰਜਕਾਰੀ ਮੌਜੂਦ ਸਨ। ਮੋਦੀ ਨੇ ਕਿਹਾ ਕਿ ਕੁਝ ਸੂਬਿਆਂ ਨੇ ਡਿਫਾਲਟਰਾਂ ਖਿਲਾਫ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਹੋਰ ਡਿਫਾਲਟਰਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੰਤਰੀ ਗਰੁੱਪ ਆਈ.ਟੀ. ਦੇ ਮੋਰਚੇ 'ਤੇ ਇੰਫੋਸਿਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।