ਸ਼ੁੱਕਰਵਾਰ ਨੂੰ GST ਕੌਂਸਲ ਦੀ ਮੀਟਿੰਗ, ਇਹ ਮੁੱਦੇ ਹੋ ਸਕਦੇ ਹਨ ਸ਼ਾਮਲ

06/20/2019 4:02:18 PM

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ 'ਚ ਜੀ. ਐੱਸ. ਟੀ. ਪ੍ਰੀਸ਼ਦ ਦੀ ਪਹਿਲੀ ਬੈਠਕ ਹੋਣ ਜਾ ਰਹੀ ਹੈ। ਇਸ 'ਚ ਸਿੰਗਲ ਰਿਫੰਡ ਸਿਸਟਮ ਸਥਾਪਤ ਕਰਨ, ਬਿਜ਼ਨੈੱਸ-ਟੂ-ਬਿਜ਼ਨੈੱਸ ਵਿਕਰੀ ਲਈ ਈ-ਚਾਲਾਨ ਅਤੇ ਰਾਸ਼ਟਰੀ ਮੁਨਾਫਾਖੋਰੀ ਵਿਰੋਧੀ ਅਥਾਰਟੀ (ਐੱਨ. ਏ. ਏ.) ਦਾ ਕਾਰਜਕਾਲ ਸਾਲ ਤਕ ਲਈ ਵਧਾਉਣ 'ਤੇ ਚਰਚਾ ਹੋਵੇਗੀ।

 

ਮੀਟਿੰਗ ਦੇ ਏਜੰਡੇ 'ਚ ਐੱਨ. ਐੱਚ. ਏ. ਆਈ. ਦੇ ਫਾਸਟੈਗ ਨਾਲ ਜੀ. ਐੱਸ. ਟੀ. ਈ-ਵੇਅ ਬਿੱਲ ਨੂੰ ਜੋੜਨ ਦਾ ਮੁੱਦਾ ਵੀ ਹੋਵੇਗਾ, ਜਿਸ ਦਾ ਮਕਸਦ ਜੀ. ਐੱਸ. ਟੀ. ਦੀ ਚੋਰੀ ਨੂੰ ਰੋਕਣਾ ਹੈ। 
ਇਸ ਤੋਂ ਇਲਾਵਾ ਐਡਵਾਂਸ ਰੂਲਿੰਗ ਅਥਾਰਟੀ ਦੇ ਹੁਕਮਾਂ ਨੂੰ ਚੁਣੌਤੀ ਦੇਣ ਲਈ ਰਾਜਾਂ 'ਚ ਅਪੀਲੀ ਟ੍ਰਿਬਿਊਨਲ ਸਥਾਪਤ ਕਰਨ ਨੂੰ ਪ੍ਰਵਾਨਗੀ ਮਿਲ ਸਕਦੀ ਹੈ। ਉੱਥੇ ਹੀ, ਜੀ. ਐੱਸ. ਟੀ. ਪੇਮੈਂਟ ਦੌਰਾਨ ਹੋਈ ਗਲਤੀ ਨੂੰ ਸੁਧਾਰਨ ਲਈ ਜੀ. ਐੱਸ. ਟੀ. ਕਾਨੂੰਨ 'ਚ ਬਦਲਾਵ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। 50 ਕਰੋੜ ਜਾਂ ਇਸ ਤੋਂ ਵਧ ਟਰਨਓਵਰ ਵਾਲੇ ਕਾਰੋਬਾਰਾਂ ਲਈ ਬਿਜ਼ਨੈੱਸ-ਟੂ-ਬਿਜ਼ਨੈੱਸ ਵਿਕਰੀ ਲਈ ਈ-ਚਾਲਾਨ ਲਾਜ਼ਮੀ ਹੋ ਸਕਦਾ ਹੈ। ਸਰਕਾਰ ਇਲੈਕਟ੍ਰਿਕ ਵਾਹਨਾਂ 'ਤੇ ਜੀ. ਐੱਸ. ਟੀ. 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਸਕਦੀ ਹੈ। ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ 'ਚ ਇਸ ਬਾਰੇ ਇਕ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਸਕਦਾ ਹੈ।