ਜਹਾਜ਼ ਈਂਧਨ ਹੋਵੇਗਾ GST ''ਚ ਸ਼ਾਮਲ, ਇਸ ਹਫਤੇ ਹੋ ਸਕਦਾ ਹੈ ਫੈਸਲਾ

07/16/2018 2:34:02 PM

ਨਵੀਂ ਦਿੱਲੀ— ਇਸ ਹਫਤੇ ਕੁਦਰਤੀ ਗੈਸ ਅਤੇ ਜਹਾਜ਼ ਈਂਧਨ (ਏ. ਟੀ. ਐੱਫ.) ਨੂੰ ਜੀ. ਐੱਸ. ਟੀ. 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ਕੱਚਾ ਤੇਲ, ਕੁਦਰਤੀ ਗੈਸ, ਪੈਟਰੋਲ, ਡੀਜ਼ਲ ਅਤੇ ਜੈੱਟ ਫਿਊਲ (ਜਹਾਜ਼ ਈਂਧਨ) ਜੀ. ਐੱਸ. ਟੀ. ਤੋਂ ਬਾਹਰ ਹਨ। ਸੂਤਰਾਂ ਮੁਤਾਬਕ ਕੇਂਦਰ ਅਤੇ ਸੂਬਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਤੁਰੰਤ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ 'ਚ ਦੇਰੀ ਹੋ ਰਹੀ ਹੈ। ਜੀ. ਐੱਸ. ਟੀ. ਕੌਂਸਲ ਦੀ ਬੈਠਕ 21 ਜੁਲਾਈ ਨੂੰ ਹੋਣੀ ਹੈ, ਜਿਸ 'ਚ ਕੁਦਰਤੀ ਗੈਸ ਅਤੇ ਏ. ਟੀ. ਐੱਫ. ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ ਦਾ ਪ੍ਰਸਤਾਵ ਚਰਚਾ ਲਈ ਲਿਆਂਦਾ ਜਾ ਸਕਦਾ ਹੈ।

ਇਸ ਸਮੇਂ ਏ. ਟੀ. ਐੱਫ. 'ਤੇ 14 ਫੀਸਦੀ ਕੇਂਦਰੀ ਐਕਸਾਈਜ਼ ਡਿਊਟੀ ਹੈ ਅਤੇ ਇਸ ਉੱਪਰ ਸੂਬੇ ਵੀ 30 ਫੀਸਦੀ ਤਕ ਸੇਲਜ਼ ਟੈਕਸ ਜਾਂ ਵੈਟ ਲਾਉਂਦੇ ਹਨ। ਓਡੀਸ਼ਾ ਅਤੇ ਛੱਤੀਸਗੜ੍ਹ 'ਚ ਜਹਾਜ਼ ਈਂਧਨ 'ਤੇ 5 ਫੀਸਦੀ ਵੈਟ ਹੈ, ਜਦੋਂਕਿ ਤਾਮਿਲਨਾਡੂ 'ਚ 29 ਫੀਸਦੀ, ਮਹਾਰਾਸ਼ਟਰ ਅਤੇ ਦਿੱਲੀ 'ਚ 25 ਫੀਸਦੀ ਅਤੇ ਕਰਨਾਟਕ 'ਚ 28 ਫੀਸਦੀ ਵੈਟ ਹੈ। ਇਸ ਦਾ ਮਤਲਬ ਹੈ ਕਿ ਜੇਕਰ ਏ. ਟੀ. ਐੱਫ. 'ਤੇ ਵੱਧ ਤੋਂ ਵੱਧ 28 ਫੀਸਦੀ ਟੈਕਸ ਲਾਇਆ ਜਾਂਦਾ ਹੈ, ਤਾਂ ਸੂਬਾ ਸਰਕਾਰਾਂ ਨੂੰ ਵੱਡੇ ਪੱਧਰ 'ਤੇ ਮਾਲੀਏ ਦਾ ਨੁਕਸਾਨ ਹੋਵੇਗਾ। ਇਸ ਤੋਂ ਬਚਣ ਲਈ ਸੂਬਿਆਂ ਨੂੰ ਏ. ਟੀ. ਐੱਫ. ਦੀ ਉੱਚੀ ਦਰ 'ਤੇ ਕੁਝ ਵੈਟ ਲਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪਹਿਲੀ ਜੁਲਾਈ 2017 ਨੂੰ ਜੀ. ਐੱਸ. ਟੀ. ਲਾਗੂ ਹੋਇਆ ਸੀ ਪਰ ਪੈਟਰੋਲੀਅਮ ਪਦਾਰਥਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਸੀ।