ਸੂਬਿਆਂ ਨੂੰ GST ਮੁਆਵਜ਼ੇ ਦਾ ਭੁਗਤਾਨ ਦੋ ਕਿਸ਼ਤਾਂ 'ਚ ਕਰੇਗੀ ਸਰਕਾਰ : ਅਨੁਰਾਗ ਠਾਕੁਰ

02/03/2020 5:14:50 PM

ਨਵੀਂ ਦਿੱਲੀ — ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ 'ਚ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨੂੰ GST ਮੁਆਵਜ਼ੇ ਦੇ ਸਾਰੇ ਬਕਾਏ ਦਾ ਭੁਗਤਾਨ ਦੋ ਕਿਸ਼ਤਾਂ ਵਿਚ ਕਰੇਗੀ। ਤੇਲੰਗਾਨਾ ਅਤੇ ਓਡੀਸ਼ਾ ਦੇ ਸੰਸਦੀ ਮੈਂਬਰਾਂ ਵਲੋਂ ਪ੍ਰਸ਼ਨ ਕਾਲ ਦੌਰਾਨ ਵਸਤੂ ਅਤੇ ਸੇਵਾ ਟੈਕਸ(GST) ਅਤੇ ਏਕੀਕ੍ਰਿਤ ਮਾਲ ਅਤੇ ਸੇਵਾ ਟੈਕਸ(IGST) ਦੇ ਤਹਿਤ ਉਨ੍ਹਾਂ ਦੇ ਸੂਬਿਆਂ ਦਾ ਹਿੱਸਾ ਨਾ ਮਿਲਣ ਦੀ ਸ਼ਿਕਾਇਤ ਕਰਨ 'ਤੇ ਅਨੁਰਾਗ ਠਾਕੁਰ ਨੇ ਇਹ ਉੱਤਰ ਦਿੱਤਾ।

ਅਨੁਰਾਗ ਠਾਕੁਰ ਨੇ ਕਿਹਾ ਕਿ GST ਮੁਆਵਜ਼ੇ ਦੀ ਸਾਰੀ ਬਕਾਇਆ ਰਾਸ਼ੀ ਦਾ ਭੁਗਤਾਨ ਸੂਬਿਆਂ ਨੂੰ ਦੋ ਕਿਸ਼ਤਾਂ ਵਿਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ GST(ਸੂਬਿਆਂ ਨੂੰ ਮੁਆਵਜ਼ਾ) ਕਾਨੂੰਨ, 2017 'ਚ GST ਲਾਗੂ ਕਰਨ ਦੇ ਕਾਰਨ ਹੋਣ ਵਾਲੇ ਮਾਲੀਏ ਦੀ ਭਰਪਾਈ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼(ਵਿਧਾਨ ਸਭਾ ਦੇ ਨਾਲ ਕੇਂਦਰ ਸ਼ਾਸਤ ਪ੍ਰਦੇਸ਼) ਨੂੰ ਹਰੇਕ ਦੋ ਮਹੀਨੇ 'ਚ ਮੁਆਵਜ਼ੇ ਦਾ ਭੁਗਤਾਨ ਕਰਨ ਦੀ ਵਿਵਸਥਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦੇ ਮੁਤਾਬਕ ਜੁਲਾਈ 2017 ਤੋਂ ਹਰੇਕ ਸੂਬੇ ਨੂੰ 2 ਮਹੀਨੇ 'ਚ GST ਮੁਆਵਜ਼ੇ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਠਾਕੁਰ ਨੇ ਕਿਹਾ ਕਿ ਸਤੰਬਰ 2019 ਤੱਕ ਦਾ ਮੁਆਵਜ਼ਾ ਸੂਬਿਆਂ ਨੂੰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਅਕਤੂਬਰ-ਨਵੰਬਰ 2019 ਦਾ ਮੁਆਵਜ਼ਾ ਅਜੇ ਬਾਕੀ ਹੈ। 

ਮੰਤਰੀ ਨੇ ਕਿਹਾ ਕਿ 1 ਜੁਲਾਈ 2017 ਤੋਂ 000 ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਦਿੱਲੀ ਅਤੇ ਪੁਡੁਚੇਰੀ ਸਮੇਤ ਸੁਬਿਆਂ ਨੂੰ GST ਮੁਆਵਜ਼ੇ ਦੇ ਤਹਿਤ 2,10,969.49 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਜੁਲਾਈ 2017 ਤੋਂ ਮਾਰਚ 2018 ਲਈ 48,785.35 ਕਰੋੜ ਰੁਪਏ, ਅਪ੍ਰੈਲ 2018 ਤੋਂ ਮਾਰਚ 2019 ਲਈ 81,141.14 ਕਰੋੜ ਰੁਪਏ, ਅਪ੍ਰੈਲ-ਮਈ 2019 ਲਈ 17,789 ਕਰੋੜ ਰੁਪਏ, ਜੂਨ-ਜੁਲਾਈ 2019 ਲਈ 27,956 ਕਰੋੜ ਰੁਪਏ ਅਤੇ ਅਗਸਤ-ਸਤੰਬਰ 2019 ਲਈ 35,298 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।