ਇੰਡੀਗੋ ਦੀ ਸ਼ਾਨਦਾਰ ਸੌਗਾਤ, ਸਸਤੇ 'ਚ ਘੁੰਮ ਸਕਦੇ ਹੋ ਹੁਣ ਦੁਬਈ, ਬੈਂਕਾਕ

02/19/2020 11:21:58 AM

ਨਵੀਂ ਦਿੱਲੀ— ਸਸਤੀ ਹਵਾਈ ਸੇਵਾ ਲਈ ਜਾਣੀ ਜਾਂਦੀ ਇੰਡੀਗੋ ਨੇ ਹਵਾਈ ਮੁਸਾਫਰਾਂ ਨੂੰ ਆਕਰਸ਼ਤ ਕਰਨ ਲਈ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। ਇਸ ਤਹਿਤ ਕੌਮਾਂਤਰੀ ਫਲਾਈਟ ਲਈ ਸਸਤੀ ਟਿਕਟ ਦਿੱਤੀ ਜਾ ਰਹੀ ਹੈ। ਇਸ ਸਾਲ ਮਾਰਚ ਤੋਂ ਸਤੰਬਰ ਵਿਚਕਾਰ ਦੁਬਈ, ਆਬੂਧਾਬੀ, ਹਾਂਗਕਾਂਗ, ਦੋਹਾ, ਬੈਂਕਾਕ ਤੇ ਢਾਕਾ ਦੀ ਯਾਤਰਾ ਦਾ ਪਲਾਨ ਹੈ ਤਾਂ ਤੁਹਾਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ।

ਇਸ ਤਹਿਤ ਟਿਕਟਾਂ ਦੀ ਬੁਕਿੰਗ 18 ਫਰਵਰੀ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 21 ਫਰਵਰੀ 2020 ਤੱਕ ਉਪਲੱਧ ਹੋਵੇਗੀ। ਕੰਪਨੀ ਦੀ ਕੌਮਾਂਤਰੀ ਉਡਾਣਾਂ ਦੀ ਟਿਕਟ 3,499 ਰੁਪਏ ਤੋਂ ਸ਼ੁਰੂ ਹੈ।

 

ਦਿੱਲੀ ਤੋਂ ਆਬੂਧਾਬੀ ਤੇ ਢਾਕਾ ਲਈ ਟਿਕਟ 6,999 ਰੁਪਏ ਤੋਂ ਸ਼ੁਰੂ ਹੈ, ਜਦੋਂ ਕਿ ਬੈਂਕਾਕ ਲਈ 6,299 ਰੁਪਏ, ਦੋਹਾ ਲਈ 9,599 ਰੁਪਏ ਅਤੇ ਦੁਬਈ ਲਈ 8,299 ਰੁਪਏ 'ਚ ਖਰੀਦੀ ਜਾ ਸਕਦੀ ਹੈ। ਅੰਮ੍ਰਿਤਸਰ ਤੋਂ ਸ਼ਾਰਜਾਹ ਦੀ ਟਿਕਟ 9,499 ਰੁਪਏ ਤੋਂ ਸ਼ੁਰੂ ਹੋਈ ਹੈ।

ਇਸ ਖਾਸ ਵਿਕਰੀ ਦੌਰਾਨ ਬੁੱਕ ਕੀਤੀ ਗਈ ਟਿਕਟ 'ਤੇ 1 ਮਾਰਚ 2020 ਤੋਂ 30 ਸਤੰਬਰ 2020 ਤੱਕ ਯਾਤਰਾ ਕੀਤੀ ਜਾ ਸਕਦੀ ਹੈ, ਯਾਨੀ ਬੁਕਿੰਗ ਦੌਰਾਨ ਤੁਸੀਂ ਮਾਰਚ ਤੇ ਸਤੰਬਰ ਵਿਚਕਾਰ ਦੀ ਯਾਤਰਾ ਤਰੀਕ ਚੁਣ ਸਕਦੇ ਹੋ। ਇੰਡੀਗੋ ਦੀ ਸਰਵਿਸ ਦੀ ਗੱਲ ਕਰੀਏ ਤਾਂ ਇਹ ਰੋਜ਼ਾਨਾ ਵੱਖ-ਵੱਖ ਥਾਵਾਂ ਤੋਂ 1500 ਫਲਾਈਟਾਂ ਉਡਾਉਂਦੀ ਹੈ। ਇਸ ਦੀ ਸਰਵਿਸ 63 ਘਰੇਲੂ ਤੇ 24 ਕੌਮਾਂਤਰੀ ਡੈਸਟੀਨੇਸ਼ਨ ਲਈ ਉਪਲੱਬਧ ਹੈ। ਇੰਡੀਗੋ ਕੋਲ 250 ਤੋਂ ਵੱਧ ਜਹਾਜ਼ ਹਨ। ਇਹ ਵੀ ਦੱਸ ਦੇਈਏ ਕਿ 1 ਅਪ੍ਰੈਲ 2020 ਤੋਂ ਵਿਦੇਸ਼ੀ ਟੂਰ ਪੈਕੇਜ ਖਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। 7 ਲੱਖ ਰੁਪਏ ਤੋਂ ਵੱਧ ਦੇ ਵਿਦੇਸ਼ੀ ਟੂਰ ਪੈਕੇਜ ਜਾਂ ਇੰਨੀ ਰਕਮ ਬਾਹਰ ਭੇਜਣ 'ਤੇ 5 ਫੀਸਦੀ ਟੈਕਸ ਦੇਣਾ ਹੋਵੇਗਾ। ਸਰਕਾਰ ਨੇ ਬਜਟ 'ਚ ਇਸ ਦੀ ਵਿਵਸਥਾ ਕੀਤੀ ਸੀ।