ਗੋਦਾਮ ਪਹਿਲਾਂ ਹੀ ਨੱਕੋ-ਨੱਕ ਭਰੇ, ਸਰਕਾਰ ਵਿਦੇਸ਼ੋਂ ਹੋਰ ਦਾਲ ਦਰਾਮਦ ਕਰਨ ਨੂੰ ਫਿਰੇ

06/19/2018 3:43:32 PM

ਨਵੀਂ ਦਿੱਲੀ— ਦੇਸ਼ 'ਚ ਦਾਲ ਉਤਪਾਦਕ ਕਿਸਾਨਾਂ ਦੀ ਲਾਗਤ ਨਹੀਂ ਨਿਕਲ ਰਹੀ ਹੈ ਤੇ ਸਰਕਾਰ ਇਕ ਵਾਰ ਫਿਰ ਵਿਦੇਸ਼ਾਂ ਤੋਂ ਦਾਲ ਮੰਗਵਾਉਣ ਜਾ ਰਹੀ ਹੈ ਜਦੋਂ ਕਿ ਇਸ ਸਾਲ ਬਿਹਤਰ ਮਾਨਸੂਨ 'ਚ ਦਾਲਾਂ ਦੇ ਵੀ ਚੰਗੇ ਉਤਪਾਦਨ ਦਾ ਅੰਦਾਜ਼ਾ ਹੈ। ਵਿਦੇਸ਼ਾਂ ਤੋਂ ਬਰਾਮਦ ਤੇ ਦਰਾਮਦ ਲਈ ਜ਼ਿੰਮੇਵਾਰ ਵਿਦੇਸ਼ ਵਪਾਰ ਡਾਇਰੈਕਟੋਰੇਟ (ਡੀ. ਜੀ. ਐੱਫ. ਟੀ.) ਨੇ 11 ਜੂਨ ਨੂੰ ਦਿੱਲੀ 'ਚ ਹੋਈ ਬੈਠਕ 'ਚ ਦੇਸ਼ ਭਰ ਦੀਆਂ 345 ਦਾਲ ਮਿੱਲਾਂ ਤੇ ਕਾਰੋਬਾਰੀਆਂ ਨੂੰ ਦਾਲ ਦਰਾਮਦ ਦੀ ਮਨਜ਼ੂਰੀ ਦੇ ਦਿੱਤੀ ਸੀ। 
ਦੇਸ਼ 'ਚ ਦਾਲਾਂ ਨਾਲ ਗੋਦਾਮ ਤਾਂ ਪਹਿਲਾਂ ਹੀ ਨੱਕੋ-ਨੱਕ ਭਰੇ ਪਏ ਹਨ ਫਿਰ ਵੀ ਸਰਕਾਰ ਦਾਲਾਂ ਦੀ ਦਰਾਮਦ ਕਿਉਂ ਕਰ ਰਹੀ ਹੈ ਇਹ ਸਮਝ ਤੋਂ ਪਰ੍ਹੇ ਹੈ।ਡੀ. ਜੀ. ਐੱਫ. ਟੀ. ਦੀ ਨੋਟੀਫਿਕੇਸ਼ਨ ਅਨੁਸਾਰ 31 ਅਗਸਤ ਤੱਕ ਦੇਸ਼ 'ਚ 1,99,891 ਟਨ ਅਰਹਰ, 1,49,964 ਟਨ ਮੂੰਗੀ ਤੇ 1,49,982 ਟਨ ਮਾਂਹ ਦਰਾਮਦ ਹੋ ਜਾਣੀ ਚਾਹੀਦੀ ਹੈ ਜਦੋਂ ਕਿ ਦੇਸ਼ ਦੀਆਂ ਮੰਡੀਆਂ 'ਚ ਅਰਹਰ ਦੀ ਦਾਲ ਸਰਕਾਰ ਦੇ ਤੈਅ ਘੱਟੋ-ਘੱਟ ਸਮਰਥਨ ਮੁੱਲ 5450 ਰੁਪਏ ਪ੍ਰਤੀ ਕੁਇੰਟਲ ਤੋਂ ਘੱਟ 'ਤੇ ਵਿਕ ਰਹੀ ਹੈ।
ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਦਾਲਾਂ ਦਾ ਕਾਫੀ ਉਤਪਾਦਨ ਹੁੰਦਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਕਿਸਾਨ ਪ੍ਰੇਸ਼ਾਨ ਹਨ। ਕਰਨਾਟਕ ਨੂੰ ਤਾਂ ਦਾਲ ਦਾ ਕਟੋਰਾ ਕਿਹਾ ਜਾਂਦਾ ਹੈ। ਇੱਥੋਂ ਦੇ ਕਿਸਾਨਾਂ ਨੇ ਆਪਣੀ ਅਰਹਰ 3000 ਤੋਂ ਲੈ ਕੇ 4300 ਰੁਪਏ ਪ੍ਰਤੀ ਕੁਇੰਟਲ ਤੱਕ ਵੇਚੀ ਹੈ।
 
ਜ਼ਿਆਦਾ ਉਤਪਾਦਨ ਕਾਰਨ ਦਾਲਾਂ ਦੇ ਰੇਟ ਡਿੱਗੇ
ਆਲ ਇੰਡੀਆ ਦਾਲ ਮਿੱਲ ਐਸੋਸੀਏਸ਼ਨ ਦੇ ਚੇਅਰਮੈਨ ਸੁਰੇਸ਼ ਅਗਰਵਾਲ ਦਾ ਕਹਿਣਾ ਹੈ ਕਿ ਸਾਲ 2015 'ਚ ਪੂਰੇ ਦੇਸ਼ 'ਚ 173 ਲੱਖ ਮੀਟ੍ਰਿਕ ਟਨ ਦਾਲ ਦਾ ਉਤਪਾਦਨ ਹੋਇਆ। ਇਸ ਸਾਲ ਰੇਟ ਤੇਜ਼ ਹੋਏ। ਕਿਸਾਨਾਂ ਨੇ ਅਗਲੇ ਸਾਲ ਖੂਬ ਬੀਜਾਈ ਕੀਤੀ। ਸਾਲ 2016 'ਚ 221 ਲੱਖ ਮੀਟ੍ਰਿਕ ਟਨ ਯਾਨੀ 48 ਲੱਖ ਮੀਟ੍ਰਿਕ ਟਨ ਜ਼ਿਆਦਾ ਫਸਲ ਹੋਈ। ਇੰਨਾ ਹੀ ਨਹੀਂ, ਇਸ ਸਾਲ 57 ਲੱਖ ਮੀਟ੍ਰਿਕ ਟਨ ਦਾਲ ਦੀ ਸਰਕਾਰ ਨੂੰ ਬਾਹਰੋਂ ਦਰਾਮਦ ਕਰਨੀ ਪਈ। ਇਹੀ ਵਜ੍ਹਾ ਸੀ ਕਿ ਦਾਲਾਂ ਦੇ ਰੇਟ ਤੇਜ਼ੀ ਨਾਲ ਹੇਠਾਂ ਡਿੱਗੇ, ਕਿਸਾਨ ਦੀ ਲਾਗਤ ਨਹੀਂ ਨਿਕਲ ਸਕੀ।

ਭਾਰਤ 'ਚ ਦੁਨੀਆ ਦੀ 85 ਫ਼ੀਸਦੀ ਅਰਹਰ ਦੀ ਹੁੰਦੀ ਹੈ ਖਪਤ 
ਭਾਰਤ ਦਾਲ ਦਾ ਸਭ ਤੋਂ ਵੱਡਾ ਉਤਪਾਦਕ ਤੇ ਖਪਤਕਾਰ ਹੈ। ਭਾਰਤ 'ਚ ਦੁਨੀਆ ਦੀ 85 ਫ਼ੀਸਦੀ ਅਰਹਰ ਦੀ ਖਪਤ ਹੁੰਦੀ ਹੈ। ਇਕ ਮੋਟੇ ਅੰਦਾਜ਼ੇ ਮੁਤਾਬਕ ਪੂਰੀ ਦੁਨੀਆ 'ਚ 49 ਲੱਖ ਹੈਕਟੇਅਰ ਰਕਬੇ 'ਚ ਅਰਹਰ ਦੀ ਖੇਤੀ ਹੁੰਦੀ ਹੈ, ਜਿਸ 'ਚੋਂ 42.2 ਲੱਖ ਟਨ ਪੈਦਾਵਾਰ ਹੁੰਦੀ ਹੈ। ਇਸ ਉਤਪਾਦਨ 'ਚ 30.7 ਲੱਖ ਟਨ ਦੇ ਅੰਦਾਜ਼ਨ ਉਤਪਾਦਨ ਦੀ ਹਿੱਸੇਦਾਰੀ ਭਾਰਤ ਦੀ ਹੈ। ਭਾਰਤ 'ਚ ਛੋਲੇ, ਮਾਂਹ, ਮਟਰ, ਮਸਰ, ਮੂੰਗੀ ਸਮੇਤ 14 ਕਿਸਮ ਦੀਆਂ ਦਾਲਾਂ ਹੁੰਦੀਆਂ ਹਨ।