LIC ਦੀ ਪਾਲਿਸੀ ਹੈ ਤਾਂ ਇਸ ਦੇ IPO 'ਚ ਮਿਲ ਸਕਦਾ ਹੈ ਰਿਜ਼ਰਵੇਸ਼ਨ

02/03/2021 1:46:47 PM

ਨਵੀਂ ਦਿੱਲੀ- ਜੇਕਰ ਤੁਹਾਡੇ ਕੋਲ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੀ ਪਾਲਿਸੀ ਹੈ ਤਾਂ ਫਿਰ ਤੁਹਾਡੀ ਬੱਲੇ-ਬੱਲੇ ਹੈ। ਐੱਲ. ਆਈ. ਸੀ. ਦੇ ਪਾਲਿਸੀ ਧਾਰਕਾਂ ਨੂੰ ਇਸ ਦੇ ਆਈ. ਪੀ. ਓ. ਵਿਚ 10 ਫ਼ੀਸਦੀ ਤੱਕ ਦਾ ਰਾਖ਼ਵਾਂਕਰਨ ਮਿਲ ਸਕਦਾ ਹੈ। ਵਿੱਤ ਮੰਤਰਾਲਾ ਦੇ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਇਕ ਮੀਡੀਆ ਚੈਨਲ ਨੂੰ ਵਿਸ਼ੇਸ਼ ਗੱਲਬਾਤ ਵਿਚ ਇਹ ਜਾਣਕਾਰੀ ਦਿੱਤੀ।

ਭਾਰਤੀ ਜੀਵਨ ਬੀਮਾ ਨਿਗਮ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ। ਇਸ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਇਸ ਸਾਲ ਅਕਤੂਬਰ ਤੋਂ ਬਾਅਦ ਆਉਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਸਰਕਾਰ ਨੇ ਮਹਾਮਾਰੀ ਕਾਰਨ ਪ੍ਰਭਾਵਿਤ ਅਰਥਵਿਵਸਥਾ ਨੂੰ ਪਟੜੀ 'ਤੇ ਚਾੜ੍ਹਨ ਤੇ ਪ੍ਰਾਜੈਕਟਾਂ ਦੀ ਫੰਡਿੰਗ ਲਈ ਵਿਨਿਵੇਸ਼ ਪ੍ਰੋਗਰਾਮ ਜ਼ਰੀਏ ਅਗਲੇ ਵਿੱਤੀ ਸਾਲ ਵਿਚ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ। ਹਾਲਾਂਕਿ, ਐੱਲ. ਆਈ. ਸੀ. ਦਾ ਮਾਲਕਨਾ ਹੱਕ ਸਰਕਾਰ ਕੋਲ ਹੀ ਰਹੇਗਾ।

ਸਰਕਾਰ ਨੇ ਸੋਮਵਾਰ ਨੂੰ ਪੇਸ਼ ਕੀਤੇ ਬਜਟ ਵਿਚ ਦੋ ਸਰਕਾਰੀ ਬੈਂਕਾਂ ਅਤੇ ਇਕ ਜਰਨਲ ਬੀਮਾ ਕੰਪਨੀ ਦੇ ਨਿੱਜੀਕਰਨ ਦੀ ਘੋਸ਼ਣਾ ਕੀਤੀ ਅਤੇ ਵਿੱਤੀ ਸਾਲ 2021-22 ਵਿਚ ਐੱਲ. ਆਈ. ਸੀ. ਨੂੰ ਸੂਚੀਬੱਧ ਕਰਨ ਦਾ ਐਲਾਨ ਕੀਤਾ ਹੈ। ਸਕਾਰ ਨੇ ਅਰਥਵਿਵਸਥਾ ਨੂੰ ਮੁਸ਼ਕਲਾਂ ਤੋਂ ਬਾਹਰ ਕੱਢਣ ਲਈ ਅਗਲੇ ਵਿੱਤੀ ਸਾਲ ਵਿਚ ਰਿਕਾਰਡ ਪੂੰਜੀਗਤ ਖ਼ਰਚ ਦਾ ਟੀਚਾ ਵੀ ਰੱਖਿਆ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਬੀ. ਪੀ. ਸੀ. ਐੱਲ. ਅਤੇ ਏਅਰ ਇੰਡੀਆ ਲਈ ਸੰਭਾਵਤ ਖ਼ਰੀਦਦਾਰਾਂ ਤੋਂ ਦਿਲਚਸਪੀ ਪੱਤਰ ਪ੍ਰਾਪਤ ਹੋ ਚੁੱਕੇ ਹਨ।

Sanjeev

This news is Content Editor Sanjeev