ਜਨਵਰੀ 'ਚ ਲੱਗੇਗਾ ਝਟਕਾ, ਡਾਕਘਰ ਸਕੀਮਾਂ 'ਤੇ ਘੱਟ ਹੋ ਸਕਦਾ ਹੈ ਵਿਆਜ

12/29/2019 10:46:32 AM

ਨਵੀਂ ਦਿੱਲੀ— ਜਨਵਰੀ 'ਚ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.), ਡਾਕਘਰ ਦੀ ਟਾਈਮ ਡਿਪਾਜ਼ਿਟ (ਟੀ. ਡੀ.) ਤੇ ਸੁਕੰਨਿਆ ਸਮਰਿਧੀ ਵਰਗੀਆਂ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ 'ਚ ਬਦਲਾਵ ਹੋ ਸਕਦਾ ਹੈ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਿੱਤ ਮੰਤਰਾਲਾ ਨੂੰ ਸੁਝਾਅ ਦਿੱਤਾ ਹੈ ਕਿ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ਬਾਜ਼ਾਰ ਦਰਾਂ ਦੇ ਬਰਾਬਰ ਹੋਣ। ਜੇਕਰ ਅਜਿਹਾ ਹੁੰਦਾ ਹੈ ਤਾਂ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਪਹਿਲਾਂ ਦੇ ਮੁਕਾਬਲੇ ਘੱਟ ਹੋ ਸਕਦੀਆਂ ਹਨ।

 

ਸੂਤਰਾਂ ਨੇ ਦੱਸਿਆ ਕਿ ਆਰ. ਬੀ. ਆਈ. ਨੇ ਮੰਤਰਾਲਾ ਨੂੰ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ਨੂੰ ਇਕ ਬਰਾਬਰ ਬਣਾਉਣ ਦੀ ਲੋੜ ਦੱਸੀ ਹੈ, ਜਿਸ ਨਾਲ ਬਿਹਤਰ ਤਰੀਕੇ ਨਾਲ ਟਰਾਂਸਫਰ ਹੋਵੇ। ਆਰ. ਬੀ. ਆਈ. ਨੇ ਸਰਕਾਰ ਨੂੰ ਇਸ ਸਬੰਧ ’ਚ ਬੈਂਕਾਂ ਦੀ ਪ੍ਰਤੀਕਿਰਿਆ ਤੋਂ ਜਾਣੂ ਕਰਵਾਇਆ ਹੈ।

ਆਰ. ਬੀ. ਆਈ. ਨੇ ਅਜਿਹੇ ਸਮੇਂ ’ਚ ਇਹ ਸੁਝਾਅ ਦਿੱਤਾ ਹੈ, ਜਦੋਂ ਜਨਵਰੀ-ਮਾਰਚ ਦੀ ਤਿਮਾਹੀ ਲਈ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਦਾ ਐਲਾਨ ਹੋਣ ਵਾਲਾ ਹੈ। ਅਜਿਹਾ ਅੰਦਾਜ਼ਾ ਹੈ ਕਿ ਅਗਲੀ ਤਿਮਾਹੀ ਲਈ ਵਿਆਜ ਦਰਾਂ ਦਾ ਐਲਾਨ 31 ਦਸੰਬਰ ਤੱਕ ਹੋ ਸਕਦਾ ਹੈ। ਦੱਸਣਯੋਗ ਹੈ ਕਿ ਛੋਟੀਆਂ ਬੱਚਤ ਯੋਜਨਾਵਾਂ ’ਤੇ ਹਰ ਤਿਮਾਹੀ ਲਈ ਵਿਆਜ ਦਰਾਂ ’ਚ ਬਦਲਾਅ ਕੀਤਾ ਜਾਂਦਾ ਹੈ। ਜੇਕਰ ਇਸ ’ਚ ਕੋਈ ਬਦਲਾਅ ਨਹੀਂ ਹੁੰਦਾ ਹੈ ਤਾਂ ਵਿੱਤ ਮੰਤਰਾਲਾ ਮੌਜੂਦਾ ਦਰਾਂ ਨੂੰ ਹੀ ਕਾਇਮ ਰੱਖਦਾ ਹੈ। ਦੱਸਣਯੋਗ ਹੈ ਕਿ ਛੋਟੀਆਂ ਬੱਚਤ ਯੋਜਨਾਵਾਂ ’ਚ ਡਾਕਖ਼ਾਨਾ ਬੱਚਤ ਯੋਜਨਾਵਾਂ ਆਉਂਦੀਆਂ ਹਨ, ਜਿਨ੍ਹਾਂ ’ਚ ਕਈ ਉਤਪਾਦਾਂ ਦੀ ਇਕ ਸੂਚੀ ਹੁੰਦੀ ਹੈ ਜੋ ਭਰੋਸੇਮੰਦ ਹੁੰਦੇ ਹਨ ਅਤੇ ਇਨ੍ਹਾਂ ’ਚ ਨਿਵੇਸ਼ ’ਤੇ ਬਿਨਾਂ ਕਿਸੇ ਖਤਰੇ ਦੇ ਰਿਟਰਨ ਮਿਲਦਾ ਹੈ।