ਸਰਕਾਰ ਬੈਨ ਕਰ ਸਕਦੀ ਹੈ 324 ਦਵਾਈਆਂ, ਜਾਣੋ ਕੀ ਹੈ ਮਾਮਲਾ

04/15/2019 12:33:39 PM

ਨਵੀਂ ਦਿੱਲੀ—  ਸਰਕਾਰ ਲਗਭਗ 324 ਦਵਾਈਆਂ 'ਤੇ ਪਾਬੰਦੀ ਲਾ ਸਕਦੀ ਹੈ, ਜੋ ਦੋ ਜਾਂ ਇਸ ਤੋਂ ਵੱਧ ਮਿਸ਼ਰਣ ਨਾਲ ਬਣੀਆਂ ਹਨ। ਫਿਕਸਡ ਡੋਜ਼ ਮਿਸ਼ਰਣ (ਐੱਫ. ਡੀ. ਸੀ. ) ਵਾਲੀਆਂ ਦਵਾਈਆਂ ਦੀ ਸੁਰੱਖਿਆ ਦੀ ਜਾਂਚ ਕਰ ਰਹੀ ਕਮੇਟੀ ਨੇ ਇਨ੍ਹਾਂ ਦੀ ਮਾਰਕੀਟਿੰਗ ਅਤੇ ਨਿਰਮਾਣ 'ਤੇ ਰੋਕ ਲਾਉਣ ਦੀ ਸਿਫਾਰਸ਼ ਕੀਤੀ ਹੈ। ਕਮੇਟੀ ਨੇ 418 ਫਿਕਸਡ ਡੋਜ਼ ਮਿਸ਼ਰਣ ਵਾਲੀਆਂ ਦਵਾਈਆਂ ਦੇ ਪ੍ਰਭਾਵ ਦੀ ਜਾਂਚ ਕੀਤੀ ਹੈ, ਜਿਨ੍ਹਾਂ 'ਚੋਂ 324 ਨੂੰ ਉਸ ਨੇ ਤਰਕਹੀਣ ਕਰਾਰ ਦਿੱਤਾ ਹੈ, ਜਦੋਂ ਕਿ 28 ਠੀਕ ਹਨ।


ਉੱਥੇ ਹੀ, ਕਮੇਟੀ ਨੇ ਇਹ ਵੀ ਕਿਹਾ ਕਿ 2 ਐੱਫ. ਡੀ. ਸੀ. ਦਾ ਮੁਲਾਂਕਣ ਕਰਨ ਦੀ ਲੋੜ ਹੈ, ਜਦੋਂ ਕਿ ਚਾਰ ਹੋਰਾਂ 'ਤੇ ਵਿਚਾਰ-ਵਟਾਂਦਰਾ ਕਰਨਾ ਹੈ। ਬਾਕੀ 60 'ਚੋਂ 48 ਨੂੰ ਵਰਜਿਤ ਕੀਤਾ ਗਿਆ ਹੈ, 11 ਠੀਕ ਹਨ, ਜਦੋਂ ਇਕ ਮਾਮਲਾ ਜਾਂਚ ਅਧੀਨ ਹੈ।

ਫਿਕਸਡ ਡੋਜ਼ ਮਿਸ਼ਰਣ (ਐੱਫ. ਡੀ. ਸੀ. ) ਦਵਾਈਆਂ ਦੇ ਪ੍ਰਭਾਵ ਦੀ ਜਾਂਚ ਕਰ ਰਹੀ ਚੰਦਰਕਾਂਤ ਕੋਕਟੇ ਕਮੇਟੀ ਨੇ ਕਿਹਾ ਹੈ ਕਿ ਤਰਕਹੀਣ ਕਰਾਰ ਦਵਾਈਆਂ 'ਤੇ ਡਰੱਗਜ਼ ਕੌਸਮੈਟਿਕਸ ਕਾਨੂੰਨ 1940 ਤਹਿਤ ਪਾਬੰਦੀ ਲਾਉਣ ਦੀ ਜ਼ਰੂਰਤ ਹੈ ਕਿਉਂਕਿ ਇਨ੍ਹਾਂ ਦੀ ਜਗ੍ਹਾ ਹੋਰ ਸੁਰੱਖਿਅਤ ਦਵਾਈਆਂ ਬਾਜ਼ਾਰ 'ਚ ਉਪਲੱਬਧ ਹਨ। ਇਹ ਦੂਸਰੀ ਵਾਰ ਹੈ ਜਦੋਂ ਕੋਕਟੇ ਕਮੇਟੀ ਨੂੰ 418 ਐੱਫ. ਡੀ. ਸੀ. ਦੀ ਜਾਂਚ ਸੌਪੀਂ ਗਈ ਹੈ। ਇਸ ਤੋਂ ਪਹਿਲਾਂ 2016 'ਚ ਵੀ ਭਾਰਤ ਸਰਕਾਰ ਨੇ ਅਜਿਹੇ ਮਿਸ਼ਰਣ ਵਾਲੀਆਂ 344 ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਫਿਕਸਡ ਡੋਜ਼ ਮਿਸ਼ਰਣ (ਐੱਫ. ਡੀ. ਸੀ.) ਦਾ ਮਤਲਬ ਹੈ ਕਿ ਦਵਾਈ ਕਿਹੜੇ-ਕਿਹੜੇ ਸਾਲਟ ਦਾ ਮਿਸ਼ਰਣ ਹੈ। ਇਸ ਨਾਲ ਅਲਰਜ਼ੀ ਹੋਣ 'ਤੇ ਇਹ ਜਾਣਨਾ ਮੁਸ਼ਕਲ ਹੋ ਸਕਦਾ ਹੈ ਕਿ ਕਿਸ ਸਾਲਟ ਨਾਲ ਇਹ ਹੋਈ। ਉਸ ਹਾਲਤ 'ਚ ਤੁਰੰਤ ਇਲਾਜ ਮਿਲਣ 'ਚ ਦੇਰੀ ਹੋ ਸਕਦੀ ਹੈ।