ਸਰਕਾਰ ਲੋਕਾਂ ਦੀ ਜਾਨ, ਰੋਜ਼ੀ-ਰੋਟੀ ਬਚਾਉਣ ਲਈ ਕਰ ਰਹੀ ਕੰਮ : ਵਿੱਤ ਮੰਤਰੀ

04/20/2021 11:41:56 AM

ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ’ਚ ਕੋਵਿਡ-19 ਦੇ ਪ੍ਰਕੋਪ ਨੂੰ ਰੋਕਣ ਦੇ ਸਬੰਧ ’ਚ ਵੱਖ-ਵੱਖ ਉਦਯੋਗ ਸੰਗਠਨਾਂ ਤੋਂ ਸਲਾਹ ਲਈ ਹੈ ਅਤੇ ਕੇਂਦਰ ਸਰਕਾਰ, ਸੂਬਿਆਂ ਨਾਲ ਮਿਲ ਕੇ ਲੋਕਾਂ ਦੀ ਜਾਨ ਅਤੇ ਰੋਜ਼ੀ-ਰੋਟੀ ਬਚਾਉਣ ਲਈ ਕੰਮ ਕਰਦੀ ਰਹੀ। ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਾਰੋਬਾਰੀਆਂ ਤੋਂ ਸੁਝਾਅ ਵੀ ਮੰਗੇ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੌਰਾਨ ਅਰਥਵਿਵਸਥਾ ’ਚ 23.9 ਫੀਸਦੀ ਦੀ ਕਾਂਟ੍ਰੈਕਸ਼ਨ ਹੋਈ ਸੀ।

ਵਿੱਤ ਮੰਤਰੀ ਨੇ ਟਵੀਟ ਕੀਤਾ, ‘‘ਇਨ੍ਹਾਂ ਕਾਰੋਬਾਰ/ਚੈਂਬਰ ਦੇ ਹਰੇਕ ਨੇਤਾ ਨਾਲ ਫੋਨ ’ਤੇ ਗੱਲ ਕੀਤੀ। ਉਦਯੋਗ ਅਤੇ ਉਦਯੋਗ ਸੰਘਾਂ ਨਾਲ ਜੁੜੇ ਮਾਮਲਿਆਂ ’ਤੇ ਉਨ੍ਹਾਂ ਦੀ ਰਾਏ ਲਈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਖ-ਵੱਖ ਪੱਧਰ ’ਤੇ ਕੋਵਿਡ ਦੀ ਰੋਕਥਾਮ ਕਰ ਰਹੀ ਹੈ। ਜੀਵਨ ਅਤੇ ਰੋਜ਼ੀ-ਰੋਟੀ ਬਚਾਉਣ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’

ਵਿੱਤ ਮੰਤਰੀ ਨੇ ਸੀ. ਆਈ. ਆਈ. ਮੁਖੀ ਉਦੈ ਕੋਟਕ, ਫਿੱਕ ਦੀ ਪ੍ਰਧਾਨ ਉਦੇ ਸ਼ੰਕਰ ਅਤੇ ਐਸੋਚੈਮ ਦੇ ਪ੍ਰਧਾਨ ਵਿਨੀਤ ਅੱਗਰਵਾਲ ਸਮੇਤ ਉਦਯੋਗ ਸੰਘਾਂ ਦੇ ਮੁਖੀਆਂ ਨਾਲ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟਾਟਾ ਸਟੀਲ ਦੇ ਮੈਨੇਜਿੰਗ ਡਾਇਰੈਕਟਰ ਟੀ. ਵੀ. ਨਰਿੰਦਰਨ, ਐੱਲ. ਐਂਡ ਟੀ. ਦੇ ਪ੍ਰਧਾਨ ਏ. ਐੱਮ. ਨਾਈਕ, ਟੀ. ਸੀ. ਐੱਸ. ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਗੋਪੀਨਾਥਨ, ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ, ਟੀ. ਵੀ. ਐੱਸ. ਸਮੂਹ ਦੇ ਚੇਅਰਮੈਨ ਵੇਣੁ ਸ਼੍ਰੀਨਿਵਾਸਨ ਅਤੇ ਹੀਰੋ ਮੋਟੋ ਕਾਰਪ ਦੇ ਮੈਨੇਜਿੰਗ ਡਾਇਰੈਕਟਰ ਪਵਨ ਮੁੰਜਾਲ ਸਮੇਤ ਕਈ ਕਾਰੋਬਾਰੀਆਂ ਮੁਖੀਆਂ ਨਾਲ ਕੋਵਿਡ-19 ਦੇ ਵਧਦੇ ਮਾਮਲਿਆਂ ’ਤੇ ਗੱਲ ਵੀ ਕੀਤੀ। ਵਿੱਤ ਮੰਤਰੀ ਨੇ ਪਿਛਲੇ ਹਫਤੇ ਸਪੱਸ਼ਟ ਕੀਤਾ ਸੀ ਕਿ ਸਰਕਾਰ ਵੱਡੇ ਪੈਮਾਨੇ ’ਤੇ ਲਾਕਡਾਊਨ ਨਹੀਂ ਲਗਾਏਗੀ ਅਤੇ ਸਿਰਫ ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਸਥਾਨਕ ਪੱਧਰ ’ਤੇ ਰੋਕਥਾਮ ਦਾ ਸਹਾਰਾ ਲਿਆ ਜਾਏਗਾ।

 

Harinder Kaur

This news is Content Editor Harinder Kaur