ਕੇਂਦਰ ਸਰਕਾਰ ਦੀ ਕੰਪਨੀਆਂ ਨੂੰ ਚਿਤਾਵਨੀ; ਸਥਾਈ ਕਾਮਿਆਂ ਨੂੰ ਦਿੱਤੀ ਵੱਡੀ ਰਾਹਤ

12/21/2020 6:27:31 PM

ਨਵੀਂ ਦਿੱਲੀ — ਕੋਰੋਨਾ ਲਾਗ ਨੇ ਦੁਨੀਆ ਦੇ ਨਾਲ-ਨਾਲ ਭਾਰਤੀ ਅਰਥਚਾਰੇ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਕੋਰੋਨਾ ਲਾਗ ਕਾਰਨ ਲੱਖਾਂ ਲੋਕਾਂ ਦੇ ਰੁਜ਼ਗਾਰ ਪ੍ਰਭਾਵਤ ਹੋਏ ਹਨ। ਕੋਰੋਨਾ ਲਾਗ ਕਾਰਨ ਹੁਣ ਤੱਕ ਲਗਾਤਾਰ ਕੰਪਨੀਆਂ ਵਲੋਂ ਆਪਣੇ ਕਾਮਿਆਂ ਨੂੰ ਨੌਕਰੀ ’ਚੋਂ ਕੱਢਿਆ ਜਾ ਰਿਹਾ ਹੈ ਪਰ ਹੁਣ ਇਹ ਖਬਰ ਲੋਕਾਂ ਨੂੰ ਕੁਝ ਰਾਹਤ ਦੇ ਸਕਦੀ ਹੈ।

ਕੇਂਦਰ ਸਰਕਾਰ ਨੇ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੰਪਨੀਆਂ ਪੱਕੇ(ਸਥਾਈ) ਕਾਮਿਆਂ ਵਜੋਂ ਰੱਖੇ ਗਏ ਕਰਮਚਾਰੀਆਂ ਨੂੰ ਠੇਕਾ ਕਰਮਚਾਰੀਆਂ ਵਜੋਂ ਤਬਦੀਲ ਨਹੀਂ ਕਰ ਸਕਦੀਆਂ। ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕੁਝ ਕੰਪਨੀਆਂ ਆਪਣੇ ਸਥਾਈ ਕਰਮਚਾਰੀਆਂ ਨੂੰ ਠੇਕੇ ’ਤੇ ਰੱਖ ਰਹੀਆਂ ਹਨ।

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕਿਰਤ ਕਾਨੂੰਨ ’ਚ ਕੁਝ ਬਦਲਾਅ ਕੀਤੇ ਸਨ। ਕਾਨੂੰਨ ਦੀ ਆੜ ਵਿਚ ਕੰਪਨੀਆਂ ਆਪਣੇ ਸਥਾਈ ਕਰਮਚਾਰੀਆਂ ਨੂੰ ਠੇਕੇ ’ਤੇ ਤਬਦੀਲ ਕਰ ਰਹੀਆਂ ਸਨ। ਸਰਕਾਰ ਨੇ ਇਸ ਬਾਰੇ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ। ਕਿਰਤ ਮੰਤਰਾਲੇ ਵਿਚ ਨਵੇਂ ਕਿਰਤ ਕਾਨੂੰਨਾਂ ਬਾਰੇ ਜਲਦੀ ਹੀ ਇੱਕ ਮੀਟਿੰਗ ਕੀਤੀ ਜਾਏਗੀ।

ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਜਲਦੀ ਹੀ ਸਰਵਿਸ ਨਿਯਮਾਂ ਵਿਚ ਵੱਡੇ ਬਦਲਾਅ ਕਰੇਗੀ। ਇਕਰਾਰਨਾਮੇ ਵਿਚ ਸਥਾਈ ਨੌਕਰੀ ਕਰਨ ਵਾਲੇ ਕਰਮਚਾਰੀ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਨੌਕਰੀ ਵਿਚੋਂ ਕੱਢੇ ਗਏ ਕਰਮਚਾਰੀਆਂ ਦੀ ਸਹਾਇਤਾ ਲਈ ਵਿਸ਼ੇਸ਼ ਫੰਡ ਨਿਯਮ ਬਣਾਏ ਜਾਣਗੇ ਅਤੇ ਸਰਕਾਰ ਉਨ੍ਹਾਂ ਲਈ ਮੁੜ-ਸਕਿਲਿੰਗ ਕਰੇਗੀ। ਇਸ ਦੇ ਨਾਲ ਹੀ ਕਿਰਤ ਮੰਤਰਾਲੇ ਨੇ ਕੰਪਨੀਆਂ ਨੂੰ ਆਪਣੇ ਸੁਝਾਅ ਦਿੱਤੇ ਹਨ।

ਇਹ ਵੀ ਪੜ੍ਹੋ : 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਨਵਾਂ ਲੇਬਰ ਕੋਡ: ਜਾਣੋ ਰੋਜ਼ਾਨਾ ਕਿੰਨੇ ਘੰਟੇ ਹੋਰ ਕੰਮ ਕਰਨਾ ਪਏਗਾ

ਕੇਂਦਰੀ ਕਿਰਤ ਮੰਤਰਾਲੇ ਨੇ ਇੱਕ ਦਿਨ ਵਿਚ ਵੱਧ ਤੋਂ ਵੱਧ ਕੰਮਕਾਜੀ ਘੰਟੇ ਵਧਾ ਕੇ 12 ਘੰਟੇ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਵਿਵਸਥਾ ਨੂੰ ਪੇਸ਼ੇਵਰ ਸੁਰੱਖਿਆ, ਸਿਹਤ ਅਤੇ ਕਾਰਜਕਾਰੀ ਹਾਲਤਾਂ (ਓਐਸਐਚ) ਕੋਡ 2020 ਅਧੀਨ ਬਣਾਏ ਨਿਯਮਾਂ ਦੇ ਖਰੜੇ ’ਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਕੰਮ ਦੌਰਾਨ ਦਿੱਤੇ ਗਏ ਅੰਤਰਾਲ(ਇੰਟਰਵਲ) ਨੂੰ ਵੀ ਕੰਮ ਦੇ ਸਮੇਂ ਦਾ ਹਿੱਸਾ ਮੰਨਿਆ ਗਿਆ ਹੈ। ਓ.ਐਸ.ਐਚ. ਕੋਡ ਨੂੰ ਇਸ ਸਾਲ ਸੰਸਦ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਕੰਮ ਦੇ ਘੰਟਿਆਂ ਨੂੰ ਵਧਾਉਣ ਦੇ ਪ੍ਰਸਤਾਵ ਬਾਰੇ ਆਉਣ ਵਾਲੇ ਦਿਨਾਂ ਵਿਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਸੰਸਦ ਦੁਆਰਾ ਪ੍ਰਵਾਨਿਤ ਓਐਸਐਚ ਕੋਡ ਇੱਕ ਦਿਨ ਵਿੱਚ ਵੱਧ ਤੋਂ ਵੱਧ 8 ਘੰਟੇ ਕੰਮ ਨਿਰਧਾਰਤ ਕਰਦਾ ਹੈ।

ਇਹ ਵੀ ਪੜ੍ਹੋ : ਇੰਡਸਇੰਡ ਬੈਂਕ ਨੇ ਪਹਿਲਾ ਮੈਟਲ ਕ੍ਰੈਡਿਟ ਕਾਰਡ ਕੀਤਾ ਲਾਂਚ , ਮਿਲਣਗੀਆਂ ਇਹ ਸਹੂਲਤਾਂ

ਇਸੇ ਵਿਰੋਧ ਤੋਂ ਬਚਣ ਲਈ, ਕਿਰਤ ਮੰਤਰਾਲੇ ਨੇ 19 ਨਵੰਬਰ ਨੂੰ ਜਾਰੀ ਕੀਤੇ ਗਏ ਖਰੜੇ ਦੇ ਨਿਯਮਾਂ ਦੇ ਨੋਟੀਫਿਕੇਸ਼ਨ ਵਿੱਚ ਵੱਧ ਤੋਂ ਵੱਧ ਹਫਤਾਵਾਰੀ ਕੰਮਕਾਜੀ ਸੀਮਾ 48 ਘੰਟਿਆਂ ਲਈ ਸੂਚਿਤ ਕਰ ਦਿੱਤੀ ਹੈ। ਇਸ ਸਥਿਤੀ ਵਿਚ ਹਫ਼ਤਾਵਾਰੀ ਛੁੱਟੀ ਨੂੰ ਛੱਡ ਕੇ ਬਾਕੀ ਛੇ ਦਿਨਾਂ ਲਈ ਵੱਧ ਤੋਂ ਵੱਧ ਕੰਮ ਪ੍ਰਤੀ ਦਿਨ 8 ਘੰਟੇ ਦਾ ਬਣਦਾ ਹੈ। ਇਹ ਨਵਾਂ ਲੇਬਰ ਕੋਡ ਦੇਸ਼ ਵਿਚ ਮੌਜੂਦਾ 13 ਕੇਂਦਰੀ ਕਿਰਤ ਕਾਨੂੰਨਾਂ ਦੀ ਥਾਂ ਲਵੇਗਾ।

ਕਿਰਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਹ ਫੈਸਲਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹ ਕਰਮਚਾਰੀਆਂ ਨੂੰ ਓਵਰਟਾਈਮ ਭੱਤੇ ਰਾਹੀਂ ਵਾਧੂ ਕਮਾਈ ਦੇਵੇਗਾ।

ਅਸੀਂ ਖਰੜੇ ਦੇ ਨਿਯਮਾਂ ਵਿਚ ਲੋੜੀਂਦੇ ਪ੍ਰਬੰਧ ਇਸ ਕਾਰਨ ਕੀਤੇ ਹਨ ਤਾਂ ਜੋ ਕਰਮਚਾਰੀ 8 ਘੰਟਿਆਂ ਤੋਂ ਵੱਧ ਕੰਮ ਲਈ ਓਵਰਟਾਈਮ ਲੈ ਸਕਣ।

ਇਹ ਵੀ ਪੜ੍ਹੋ : ਪੰਜਾਬ ’ਚ LPG-CNG ਕਿੱਟਾਂ ਲਈ ਦੇਣੀ ਪਵੇਗੀ ਫੀਸ

ਨੋਟ - ਸਰਕਾਰ ਵਲੋਂ ਜਾਰੀ ਕੀਤੀ ਗਈ ਇਸ ਚਿਤਾਵਨੀ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur