ਬੈਂਕ ''ਚ ਖੁੱਲ੍ਹੇਗਾ ਗੋਲਡ ਬਚਤ ਖਾਤਾ, ਲੋੜ ਪੈਣ ''ਤੇ ਲੈ ਸਕੋਗੇ ਸੋਨਾ ਜਾਂ ਪੈਸਾ

07/04/2018 11:41:01 AM

ਨਵੀਂ ਦਿੱਲੀ— ਬਚਤ ਖਾਤੇ ਦੀ ਤਰਜ 'ਤੇ ਜਲਦ ਹੀ ਤੁਸੀਂ ਬੈਂਕਾਂ ਅਤੇ ਡਾਕਘਰਾਂ 'ਚ 'ਗੋਲਡ ਸੇਵਿੰਗ ਅਕਾਊਂਟ' ਖੋਲ੍ਹ ਸਕੋਗੇ। ਗੋਲਡ ਸੈਕਟਰ 'ਚ ਵੱਡੇ ਬਦਲਾਅ ਲਈ ਵਿੱਤ ਮੰਤਰਾਲੇ ਨੇ ਗੋਲਡ ਪਾਲਿਸੀ ਦਾ ਪ੍ਰਸਤਾਵ ਤਿਆਰ ਕੀਤਾ ਹੈ ਅਤੇ ਇਸ 'ਤੇ ਪੀ. ਐੱਮ. ਓ. ਨੇ ਸਹਿਮਤੀ ਦੀ ਮੋਹਰ ਵੀ ਲਗਾ ਦਿੱਤੀ ਹੈ। ਇਸ ਪ੍ਰਸਤਾਵ ਨੂੰ ਜਲਦ ਹੀ ਮਨਜ਼ੂਰੀ ਲਈ ਕੈਬਨਿਟ 'ਚ ਭੇਜਿਆ ਜਾਵੇਗਾ। ਵਿੱਤ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਸਰਕਾਰ ਦਾ ਮਕਸਦ ਇਸ ਯੋਜਨਾ ਤਹਿਤ ਲੋਕਾਂ ਨੂੰ ਬਚਤ ਖਾਤੇ ਜ਼ਰੀਏ ਸੋਨਾ ਉਪਲੱਬਧ ਕਰਾਉਣਾ ਹੈ, ਤਾਂ ਕਿ ਇੰਪੋਰਟ ਘੱਟ ਹੋ ਸਕੇ। ਇਸ ਯੋਜਨਾ ਨੂੰ ਸਰਕਾਰ ਸ਼ਹਿਰਾਂ ਦੇ ਨਾਲ ਪਿੰਡਾਂ 'ਚ ਵੀ ਜ਼ੋਰਦਾਰ ਤਰੀਕੇ ਨਾਲ ਲਾਂਚ ਕਰਨਾ ਚਾਹੁੰਦੀ ਹੈ, ਤਾਂ ਕਿ ਆਮ ਪੇਂਡੂ ਵੀ ਇਸ ਯੋਜਨਾ ਦਾ ਫਾਇਦਾ ਲੈ ਸਕਣ।

ਨਵੀਂ ਪਾਲਿਸੀ ਤਹਿਤ ਗੋਲਡ ਬਚਤ ਖਾਤੇ 'ਚ ਜਮ੍ਹਾ ਪੈਸਾ ਦੀ ਬਰਾਬਰ ਕੀਮਤ 'ਤੇ ਸੋਨਾ ਮਿਲੇਗਾ। ਹਾਲਾਂਕਿ ਖਾਤਾ ਧਾਰਕ ਚਾਹੇ ਤਾਂ ਨਿਕਾਸੀ ਦੇ ਸਮੇਂ ਸੋਨਾ ਜਾਂ ਪੈਸਾ ਜੋ ਠੀਕ ਲੱਗੇ ਲੈ ਸਕੇਗਾ। ਖਾਸ ਗੱਲ ਇਹ ਹੈ ਕਿ ਇਸ 'ਤੇ ਕੈਪੀਟਲ ਗੇਨ ਟੈਕਸ ਨਹੀਂ ਲੱਗੇਗਾ। ਬੈਂਕ ਇਸ ਖਾਤੇ 'ਤੇ ਵਿਆਜ ਵੀ ਦੇਣਗੇ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਕੀਮ ਨਾਲ ਲੋਕਾਂ ਨੂੰ ਸੋਨਾ ਖਰੀਦਣ ਲਈ ਬਚਤ ਕਰਨ ਦਾ ਬਦਲ ਮਿਲੇਗਾ। ਇਸ ਦੇ ਇਲਾਵਾ ਸਰਕਾਰ ਨੇ ਜੋ ਪੈਸਾ ਲੈਣ ਦਾ ਬਦਲ ਰੱਖਿਆ ਹੈ, ਉਹ ਵੀ ਤਰਕਸੰਗਤ ਹੈ। ਕਿਸੇ ਨੂੰ ਜ਼ਰੂਰਤ ਪਈ ਤਾਂ ਸੋਨਾ ਲੈਣ ਦੀ ਬਜਾਏ ਪੈਸੇ ਕਢਾ ਸਕੇਗਾ। 
ਸਰਕਾਰ ਦਾ ਮਕਸਦ ਸੋਨੇ ਦਾ ਇੰਪੋਰਟ ਘੱਟ ਕਰਨਾ ਹੈ। ਫਿਲਹਾਲ ਸੋਨੇ ਦੀ ਮੰਗ ਵੀ ਘੱਟ ਹੋਈ ਹੈ। ਵਿਸ਼ਵ ਗੋਲਡ ਪ੍ਰੀਸ਼ਦ ਦੀ ਰਿਪੋਰਟ ਮੁਤਾਬਕ 2018 ਦੀ ਪਹਿਲੀ ਤਿਮਾਹੀ 'ਚ ਭਾਰਤ 'ਚ ਸੋਨੇ ਦੀ ਮੰਗ 12 ਫੀਸਦੀ ਘੱਟ ਹੋਈ ਹੈ। ਇਹ 131.2 ਟਨ ਤੋਂ ਘੱਟ ਕੇ ਸਿਰਫ 115.6 ਟਨ ਰਹਿ ਗਈ ਹੈ। ਪਹਿਲਾਂ ਜਿੱਥੇ 34,400 ਕਰੋੜ ਰੁਪਏ ਦੇ ਸੋਨੇ ਦੀ ਮੰਗ ਸੀ, ਉੱਥੇ ਹੀ ਜਨਵਰੀ-ਮਾਰਚ ਦੌਰਾਨ ਘੱਟ ਕੇ 31,800 ਕਰੋੜ ਰੁਪਏ ਰਹਿ ਗਈ।