ਸਰਕਾਰ ਦੇਸ਼ ਭਰ ਵਿਚ ਲਗਾਵੇਗੀ ਮੁਫ਼ਤ ਦਵਾਈ ਵਾਲੇ ATM!

01/16/2019 10:28:37 AM

ਨਵੀਂ ਦਿੱਲੀ — ATM ਤੋਂ ਤੁਸੀਂ ਨਕਦੀ ਤਾਂ ਕਈ ਵਾਰ ਕਢਵਾਈ ਹੋਵੇਗੀ ਪਰ ਹੁਣ ATM ਤੋਂ ਦਵਾਈ ਵੀ ਮਿਲ ਸਕੇਗੀ। ਸਰਕਾਰ ਦੇਸ਼ ਦੇ ਹਰ ਜ਼ਿਲੇ ਵਿਚ ਅਜਿਹਾ ATM ਲਗਾਉਣ 'ਤੇ ਵਿਚਾਰ ਕਰ ਰਹੀ ਹੈ ਜਿਸ ਵਿਚੋਂ ਤੁਸੀਂ ਮੁਫਤ ਵਿਚ ਦਵਾਈ ਲੈ ਸਕੋਗੇ। ਆਂਧਰਾ ਪ੍ਰਦੇਸ਼ 'ਚ ਹੋਏ ਤਜਰਬੇ ਤੋਂ ਉਤਸ਼ਾਹਿਤ ਹੋ ਕੇ ਕੇਂਦਰ ਸਰਕਾਰ ਹੁਣ ਵੱਡੇ ਪੈਮਾਨੇ 'ਤੇ ਦਵਾਈ ਵਾਲੇ ATM ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਇਸ ATM ਦਾ ਪੂਰਾ ਨਾਮ ਹੈ ਐਨੀ ਟਾਈਮ ਮੈਡੀਸਨ ਜਿਸ ਵਿਚ ਬ੍ਰਾਂਡਿਡ ਅਤੇ ਜੈਨੇਰਿਕ ਦਵਾਈ ਉਪਲੱਬਧ ਹੋਵੇਗੀ। ਇਸ ATM ਤੋਂ ਟੈਬਲੇਟ ਦੇ ਨਾਲ ਹੀ ਸਿਰਪ ਵੀ ਮਿਲੇਗਾ। ਨੈਸ਼ਨਲ ਲਿਸਟ ਆਫ ਅਸੈਂਸ਼ਿਅਲ ਮੈਡਿਸਨ ਲਿਸਟ 'ਚ ਮੌਜੂਦ ਜ਼ਿਆਦਾਤਰ ਦਵਾਈਆਂ ਇਸ ATM ਵਿਚ ਹੋਣਗੀਆਂ। ਜ਼ਿਕਰਯੋਗ ਹੈ ਕਿ ਆਮ ਬੀਮਾਰੀਆਂ ਲਈ ਸਾਰੀਆਂ ਜ਼ਰੂਰੀ ਦਵਾਈਆਂ ਨੈਸ਼ਨਲ ਲਿਸਟ ਆਫ ਅਸੈਂਸ਼ਿਅਲ ਲਿਸਟ ਵਿਚ ਮੌਜੂਦ ਹਨ। ਇਸ ਸੂਚੀ ਵਿਚ 300 ਤੋਂ ਜ਼ਿਆਦਾ ਜ਼ਰੂਰੀ ਦਵਾਈਆਂ ਹਨ।

ਆਂਧਰਾ 'ਚ ਸਫਲ ਤਜ਼ਰਬੇ ਤੋਂ ਬਾਅਦ ਦੇਸ਼ਭਰ ਵਿਚ ਇਸ ਯੋਜਨਾ ਨੂੰ ਲਾਗੂ ਕਰਨ ਦੀ ਤਿਆਰੀ ਹੈ। ਆਂਧਰਾ ਪ੍ਰਦੇਸ਼ 'ਚ 15 ਜਗ੍ਹਾਂ 'ਤੇ ਦਵਾਈ ਵਾਲੇ ATM ਲੱਗੇ ਹਨ। ਇਹ ATM ਆਮ ਪ੍ਰਿਸਕ੍ਰਿਪਸ਼ਨ ਨੂੰ ਸਕੈਨ ਕਰਨ 'ਤੇ ਹੀ ਦਵਾਈ ਦੇਵੇਗਾ। ਫੋਨ ਕਾਲ ਕਰਕੇ ਵੀ ਇਸ ATM ਤੋਂ ਦਵਾਈ ਲਈ ਜਾ ਸਕੇਗੀ। ਇਸ ਲਈ ਮਰੀਜ਼ ਦੂਰ ਬੈਠੇ ਡਾਕਟਰ ਨੂੰ ਤਕਲੀਫ ਦੱਸੇਗਾ। ਡਾਕਟਰ ਦਵਾਈ ਲਿਖ ਕੇ ATM ਕਿਓਸਕ ਨੂੰ ਕਮਾਂਡ ਭੇਜੇਗਾ, ਕਮਾਂਡ ਮਿਲਦੇ ਹੀ ATM ਮਸ਼ੀਨ ਵਿਚੋਂ ਦਵਾਈ ਨਿਕਲੇਗੀ। ATM ਖਰੀਦ ਲਈ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਪੈਸੇ ਦਾ ਇਸਤੇਮਾਲ ਹੋਵੇਗਾ। ਪਹਿਲੇ ਪੜਾਅ 'ਚ ਇਹ ATM ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਪੇਂਡੂ ਖੇਤਰਾਂ ਵਿਚ ਲੱਗਣਗੇ।