GST ''ਚ ਸ਼ਾਮਲ ਹੋ ਸਕਦਾ ਹੈ ਪੈਟਰੋਲ, ਡੀਜ਼ਲ ਤੇ ATF, ਬਣ ਰਿਹੈ ਇਹ ਪਲਾਨ

06/08/2019 3:31:35 PM

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਪੈਟਰੋਲ, ਡੀਜ਼ਲ ਤੇ ਜਹਾਜ਼ ਈਂਧਣ ਵਰਗੇ ਪੈਟਰੋਲੀਅਮ ਪ੍ਰਾਡਕਟਸ ਨੂੰ ਜੀ. ਐੱਸ. ਟੀ. 'ਚ ਸ਼ਾਮਲ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਫਿਲਹਾਲ ਪੈਟਰੋਲ, ਡੀਜ਼ਲ ਸਮੇਤ ਕੱਚਾ ਤੇਲ, ਕੁਦਰਤੀ ਗੈਸ ਤੇ ਜਹਾਜ਼ ਈਂਧਣ 'ਵਸਤੂ ਤੇ ਸੇਵਾ ਟੈਕਸ' ਵਿਵਸਥਾ ਦੇ ਦਾਇਰੇ 'ਚੋਂ ਬਾਹਰ ਹਨ। ਸੂਤਰਾਂ ਮੁਤਾਬਕ, ਸਰਕਾਰ ਇਸ ਲਈ ਪੱਛਮੀ ਬੰਗਾਲ, ਬਿਹਾਰ ਤੇ ਤਾਮਿਲਨਾਡੂ ਵਰਗੇ ਰਾਜਾਂ ਨੂੰ ਮਨਾਉਣ ਦੀ ਯੋਜਨਾ ਬਣਾ ਰਹੀ ਹੈ, ਜੋ ਇਨ੍ਹਾਂ ਪ੍ਰਾਡਕਟਸ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਸ਼ਾਮਲ ਕਰਨ ਦੇ ਖਿਲਾਫ ਹਨ।
 

ਇਨ੍ਹਾਂ ਸਭ ਦੇ ਇਲਾਵਾ ਕੱਚੇ ਤੇਲ ਦਾ ਘਰੇਲੂ ਉਤਪਾਦਨ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਵਾਸਤੇ ਖੋਜ ਅਤੇ ਉਤਪਾਦਨ ਖੇਤਰ ਨੂੰ ਮਦਦ ਦਿੱਤੀ ਜਾ ਸਕਦੀ ਹੈ। 2014-15 ਤੋਂ ਕੱਚੇ ਤੇਲ ਦਾ ਉਤਪਾਦਨ 4.7 ਫੀਸਦੀ ਅਤੇ ਕੁਦਰਤੀ ਗੈਸ ਦਾ ਉਤਪਾਦਨ 2.9 ਫੀਸਦੀ ਡਿੱਗਾ ਹੈ, ਜਦੋਂ ਕਿ ਇਨ੍ਹਾਂ ਦੀ ਸਾਲਾਨਾ ਖਪਤ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਹਾਲਾਂਕਿ ਖੁੱਲ੍ਹੀ ਲਾਇਸੈਂਸਿੰਗ ਨੀਤੀ ਤੇ ਨਵੀਂ ਜਗ੍ਹਾ ਗੈਸ ਦੀ ਖੋਜ ਹੋਣ ਨਾਲ ਭਾਰਤ 'ਚ ਉਤਪਾਦਨ ਵਧਣ ਦੀ ਉਮੀਦ ਹੈ। ਸਰਕਾਰੀ ਅੰਦਾਜ਼ੇ ਮੁਤਾਬਕ, ਭਾਰਤ 'ਚ ਕੱਚੇ ਤੇਲ ਦਾ ਉਤਪਾਦਨ 2018-19 ਦੇ 34.75 ਮਿਲੀਅਨ ਟਨ ਤੋਂ 10 ਫੀਸਦੀ ਵਧ ਕੇ 2021-22 'ਚ 38.34 ਮਿਲੀਅਨ ਟਨ ਹੋਣ ਦੀ ਸੰਭਾਵਨਾ  ਹੈ।
ਉੱਥੇ ਹੀ, ਮਾਹਰਾਂ ਦਾ ਕਹਿਣਾ ਹੈ ਕਿ ਏ. ਟੀ. ਐੱਫ. 'ਤੇ ਬਿਨਾਂ ਕੋਈ ਵਾਧੂ ਸਰਚਾਰਜ ਲਗਾਏ ਜੇਕਰ ਸਰਕਾਰ ਇਸ ਨੂੰ 18 ਫੀਸਦੀ ਦੀ ਦਰ 'ਚ ਸ਼ਾਮਲ ਕਰਵਾਉਣ 'ਚ ਸਫਲ ਹੁੰਦੀ ਹੈ ਤੇ ਇਸ ਦੀ ਕੀਮਤ 'ਚ ਕਮੀ ਆਵੇਗੀ। ਈਂਧਣ ਸਸਤਾ ਹੋਣ ਨਾਲ ਹਵਾਈ ਟਿਕਟਾਂ ਦੀ ਕੀਮਤ ਵੀ ਘੱਟ ਹੋਵੇਗੀ ਕਿਉਂਕਿ ਹਵਾਈ ਜਹਾਜ਼ ਕੰਪਨੀ ਦੀ ਓਪਰੇਟਿੰਗ ਲਾਗਤ 'ਚ ਲਗਭਗ 30-40 ਫੀਸਦੀ ਹਿੱਸਾ ਸਿਰਫ ਈਂਧਣ ਦੇ ਖਰਚ ਦਾ ਹੁੰਦਾ ਹੈ।