ਇਸ ਹਫਤੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ ਸਰਕਾਰ

02/10/2020 2:28:02 PM

ਨਵੀਂ ਦਿੱਲੀ — ਦੇਸ਼ ਦੇ ਸਰਕਾਰੀ ਬੈਂਕਾਂ ਦਾ ਰਲੇਵਾਂ ਕਰਕੇ ਉਨ੍ਹਾਂ ਨੂੰ 4 ਵੱਡੇ ਬੈਂਕਾਂ ਵਿਚ ਬਦਲਣ ਲਈ ਸਰਕਾਰ ਵਲੋਂ ਇਸ ਹਫਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਸਰਕਾਰ ਨੇ ਅਪ੍ਰੈਲ ਤੱਕ ਪੰਜਾਬ ਨੈਸ਼ਨਲ ਬੈਂਕ, ਯੂਨਾਇਟਿਡ ਬੈਂਕ ਆਫ ਇੰਡੀਆ ਅਤੇ ਓਰੀਏਂਟਲ ਬੈਂਕ ਆਫ ਕਾਮਰਸ  ਸਮੇਤ 10 ਬੈਂਕਾਂ ਦਾ ਰਲੇਵਾਂ ਕਰਨ ਦਾ ਟੀਚਾ ਰੱਖਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਨੂੰ ਲੈ ਕੇ ਗਰਾਊਂਡਵਰਕ ਤੱਕ ਦਾ ਕੰਮ ਕੀਤਾ ਜਾ ਚੁੱਕਾ ਹੈ।

ਇਸ ਹਫਤੇ ਮਰਜਰ(ਰਲੇਵੇਂ) ਦੀ ਦਿਸ਼ਾ ਵੱਲ ਵਧੇਗੀ ਗੱਲ

ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਸੰਬੰਧਿਤ ਬੈਂਕ ਦੇ ਬੋਰਡ ਮੈਂਬਰਾਂ ਦੀ ਬੈਠਕ ਹੋਵੇਗੀ ਅਤੇ ਗਾਹਕਾਂ ਨੂੰ ਇਸ ਬਾਰੇ ਅੰਤਿਮ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮਰਜਰ ਲਈ ਸਵਾਈਪ ਰੇਸ਼ੋ 'ਤੇ ਵੀ ਵਿਚਾਰ ਹੋਵੇਗਾ। ਯੂਨੀਇਟਿਡ ਬੈਂਕ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਕੁਮਾਰ ਪ੍ਰਧਾਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਹਫਤੇ ਹੀ ਮਰਜਰ ਦੀ ਦਿਸ਼ਾ ਵੱਲ ਗੱਲ ਅੱਗੇ ਵਧੇਗੀ।

30 ਅਗਸਤ 2019 ਨੂੰ ਕੀਤਾ ਸੀ ਐਲਾਨ

ਮਰਜਰ ਦੌਰਾਨ ਬੈਂਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਛੋਟੇ ਸ਼ੇਅਰਹੋਲਡਰਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਮਰਜ ਹੋਣ ਵਾਲੇ ਬੈਂਕਾਂ ਦੀ ਵੈਲਿਊ ਚਾਲੂ ਵਿੱਤੀ ਸਾਲ 'ਚ ਪਹਿਲੀ ਛਿਮਾਹੀ ਦੇ ਨਤੀਜੇ ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ। ਮੋਦੀ ਸਰਕਾਰ ਨੇ 30 ਅਗਸਤ 2019 ਨੂੰ 10 ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਮਰਜਰ ਦੇ ਤਹਿਤ ਪੰਜਾਬ ਨੈਸ਼ਨਲ ਬੈਂਕ 'ਚ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਇਟਿਡ ਬੈਂਕ ਆਫ ਇੰਡੀਆ ਦਾ ਰਲੇਵਾਂ ਹੋਵੇਗਾ ਅਤੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਰਜ਼ਦਾਤਾ ਬਣ ਜਾਵੇਗਾ।

ਜਾਣੋ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਗਾਹਕਾਂ 'ਤੇ ਕੀ ਹੋਵੇਗਾ ਅਸਰ

  • ਜੇਕਰ ਤੁਹਾਡਾ ਖਾਤਾ ਓਰੀਐਂਟਲ ਬੈਂਕ ਆਫ ਕਾਮਰਸ 'ਚ ਜਾਂ ਫਿਰ ਤੁਸੀਂ ਯੂਨਾਇਟਿਡ ਬੈਂਕ ਆਫ ਇੰਡੀਆ ਦੇ ਗਾਹਕ ਹੋ ਤਾਂ ਤੁਸੀਂ ਇਸ ਰਲੇਵੇਂ ਦੇ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ ਖਾਤਾਧਾਰਕ ਬਣ ਜਾਵੋਗੇ। OBC ਅਤੇ UBI ਦਾ ਰਲੇਵਾਂ ਪੰਜਾਬ ਨੈਸ਼ਨਲ ਬੈਂਕ ਵਿਚ ਹੋਣ ਦੇ ਬਾਅਦ ਇਹ ਭਾਰਤ ਦਾ ਦੂਜਾ ਵੱਡਾ ਬੈਂਕ ਬਣ ਜਾਵੇਗਾ।
  • ਯੂਨੀਅਨ ਬੈਂਕ ਆਫ ਇੰਡੀਆ ਦੇ ਨਾਲ ਆਧਰਾਂ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਰਲੇਵਾਂ ਹੋਵੇਗਾ। ਕੇਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦਾ ਰਲੇਵਾਂ ਹੋਵੇਗਾ। ਇਸ ਤੋਂ ਇਲਾਵਾ ਇੰਡੀਅਨ ਬੈਂਕ ਵਿਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋ ਜਾਵੇਗਾ।
  • 10 ਬੈਂਕਾਂ ਦੇ ਰਲੇਵੇਂ ਨਾਲ 4 ਨਵੇਂ ਵੱਡੇ ਬੈਂਕ ਅਪ੍ਰੈਲ ਤੱਕ ਵਜੂਦ ਵਿਚ ਆ ਜਾਣਗੇ। ਇਨ੍ਹਾਂ ਸਾਰੇ ਬੈਂਕਾਂ ਦੇ ਨਵੇਂ ਨਾਂ ਅਤੇ ਲੋਗੋ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ। ਪੰਜਾਬ ਨੈਸ਼ਨਲ ਬੈਂਕ 'ਚ ਓ.ਬੀ.ਸੀ. ਅਤੇ ਯੂਨਾਇਟਿਡ ਬੈਂਕ ਆਫ ਇੰਡੀਆ ਦੇ ਰਲੇਵੇਂ ਦੇ ਬਾਅਦ ਕਰਮਚਾਰੀਆਂ ਦੀ ਕੁੱਲ ਸੰਖਿਆ 1 ਲੱਖ ਦੇ ਪਾਰ ਹੋ ਜਾਵੇਗੀ।
  • ਤੁਹਾਡੇ ਕੋਲ ਜੇਕਰ ਰਲੇਵਾਂ ਹੋਣ ਵਾਲੇ ਬੈਂਕਾਂ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਹਨ ਤਾਂ ਤੁਸੀਂ ਇਨ੍ਹਾਂ ਦਾ ਇਸਤੇਮਾਲ ਪਹਿਲਾਂ ਦੀ ਤਰ੍ਹਾਂ ਜਾਰੀ ਰੱਖ ਸਕਦੇ ਹੋ। ਜੇਕਰ ਭਵਿੱਖ 'ਚ ਕਿਸੇ ਤਰ੍ਹਾਂ ਦਾ ਬਦਲਾਅ ਹੁੰਦਾ ਹੈ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਜਾਂ ਈ-ਮੇਲ ਨੂੰ ਐਕਟਿਵ ਰੱਖੋ ਤਾਂ ਜੋ ਬੈਂਕ ਵਲੋਂ ਜਾਰੀ ਹੋਣ ਵਾਲੀ ਤਾਜ਼ੀ ਸੂਚਨਾ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ।
  • ਤੁਹਾਡੇ ਬੈਂਕ ਦਾ ਜਿਹੜੇ ਨਵੇਂ ਸਥਾਨ 'ਤੇ ਰਲੇਵਾਂ ਹੋਇਆ ਹੈ ਉਸਦੀ ਸ਼ਾਖਾ ਨਜ਼ਦੀਕ 'ਚ ਹੀ ਹੋਣ 'ਤੇ ਤੁਹਾਡੀ ਹੋਮ ਬ੍ਰਾਂਚ ਬੰਦ ਕੀਤੀ ਜਾ ਸਕਦੀ ਹੈ। ਅਜਿਹੇ 'ਚ ਜਿਸ ਬੈਂਕ ਨਾਲ ਰਲੇਵਾਂ ਹੋਇਆ ਹੈ ਉਸ ਦੀ ਨਜ਼ਦੀਕ ਦੀ ਸ਼ਾਖਾ ਵਿਚ ਜਾ ਕੇ ਤੁਸੀਂਂ ਆਪਣੇ ਬੈਂਕ ਖਾਤੇ ਦਾ ਵੇਰਵਾ ਹਾਸਲ ਕਰ ਸਕਦੇ ਹੋ।'