ਦੀਵਾਲੀ ''ਤੇ ਮਿਠਾਈਆਂ ਦੇ ਚੜ੍ਹਨਗੇ ਰੇਟ, ਖੰਡ ਹੋ ਸਕਦੀ ਹੈ ਮਹਿੰਗੀ!

09/18/2018 3:09:57 PM

ਨਵੀਂ ਦਿੱਲੀ— ਸਰਕਾਰ ਖੰਡ ਮਿੱਲਾਂ ਨੂੰ ਰਾਹਤ ਦੇਣ ਲਈ ਇਕ ਹੋਰ ਕਦਮ ਚੁੱਕਣ 'ਤੇ ਵਿਚਾਰ ਕਰ ਰਹੀ ਹੈ। ਪਿਛਲੇ ਹਫਤੇ ਸਰਕਾਰ ਨੇ ਈਥਾਨੋਲ ਕੀਮਤਾਂ 'ਚ ਵਾਧਾ ਕੀਤਾ ਸੀ। ਹੁਣ ਮਿੱਲਾਂ ਲਈ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) ਵਧਾ ਕੇ 34 ਰੁਪਏ ਪ੍ਰਤੀ ਕਿਲੋਗ੍ਰਾਮ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ, ਮਿੱਲਾਂ ਵੱਲੋਂ ਖੰਡ ਦਾ ਐੱਮ. ਐੱਸ. ਪੀ. 37 ਰੁਪਏ ਪ੍ਰਤੀ ਕਿਲੋ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਵਿਕਰੀ ਮੁੱਲ 34 ਰੁਪਏ ਕਿਲੋ ਕਰਨ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ ਕੇਂਦਰ ਸਰਕਾਰ 34 ਤੋਂ 35 ਰੁਪਏ ਕਿਲੋ ਐੱਮ. ਐੱਸ. ਪੀ. ਤੈਅ ਕਰ ਸਕਦੀ ਹੈ। ਸਰਕਾਰ ਦੇ ਇਨ੍ਹਾਂ ਕਦਮਾਂ ਨਾਲ ਖੁੱਲ੍ਹੇ ਬਾਜ਼ਾਰ 'ਚ ਖੰਡ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਸਰਕਾਰ ਦਾ ਮਕਸਦ ਲਗਾਤਾਰ ਦੋ ਸਾਲਾਂ ਤੋਂ ਵਾਧੂ ਖੰਡ ਉਤਪਾਦਨ ਨਾਲ ਜੂਝ ਰਹੀ ਸ਼ੂਗਰ ਇੰਡਸਟਰੀ ਅਤੇ ਗੰਨਾ ਕਿਸਾਨਾਂ ਦੇ ਬਕਾਏ ਦੇ ਭੁਗਤਾਨ ਲਈ ਮਿੱਲਾਂ ਦੀ ਮਦਦ ਕਰਨਾ ਹੈ।

ਸਰਕਾਰ ਨੇ ਜੂਨ ਦੇ ਪਹਿਲੇ ਹਫਤੇ 'ਚ 30 ਲੱਖ ਟਨ ਖੰਡ ਦਾ ਬਫਰ ਸਟਾਕ ਬਣਾਉਣ ਦਾ ਐਲਾਨ ਕਰਕੇ ਮਿੱਲਾਂ ਨੂੰ ਇਕ ਤਰ੍ਹਾਂ ਦਾ ਰਾਹਤ ਪੈਕੇਜ ਦਿੱਤਾ ਸੀ। ਉੱਥੇ ਹੀ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) 29 ਰੁਪਏ ਕਿਲੋ ਤੈਅ ਕੀਤਾ ਸੀ। ਇਸ ਕੀਮਤ ਤੋਂ ਘੱਟ 'ਤੇ ਮਿੱਲਾਂ ਖੰਡ ਦੀ ਵਿਕਰੀ ਨਹੀਂ ਕਰ ਸਕਦੀਆਂ ਹਨ। ਸੂਤਰਾਂ ਮੁਤਾਬਕ ਐੱਮ. ਐੱਸ. ਪੀ. 'ਚ ਵਾਧਾ ਕਰਨ ਦਾ ਫੈਸਲਾ ਜਲਦ ਹੀ ਕੀਤਾ ਜਾ ਸਕਦਾ ਹੈ। ਜੇਕਰ ਨਵੇਂ ਐੱਮ. ਐੱਸ. ਪੀ. ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਮਿੱਲਾਂ 'ਚ ਖੰਡ ਦਾ ਮੁੱਲ 33 ਤੋਂ 34 ਰੁਪਏ ਪ੍ਰਤੀ ਕਿਲੋ ਹੋ ਸਕਦਾ ਹੈ, ਜੋ ਮੌਜੂਦਾ ਸਮੇਂ ਬਾਜ਼ਾਰ ਮੁੱਲ ਦੇ ਲਗਭਗ ਬਰਾਬਰ ਹੈ। ਹਾਲਾਂਕਿ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਰਕਾਰ ਇਸ 'ਤੇ ਕਿਸ ਤਰ੍ਹਾਂ ਕਦਮ ਵਧਾਉਂਦੀ ਹੈ ਅਤੇ ਪ੍ਰਚੂਨ ਕੀਮਤਾਂ 'ਤੇ ਇਸ ਦਾ ਕਿੰਨਾ ਅਸਰ ਪਵੇਗਾ, ਇਹ ਦੇਖਣਾ ਹੋਵੇਗਾ। ਉਂਝ ਐੱਮ. ਐੱਸ. ਪੀ. ਕਾਰਨ ਪ੍ਰਚੂਨ ਕੀਮਤਾਂ ਵਧਣ ਦੇ ਬਾਅਦ ਵੀ ਖੰਡ ਦੀਆਂ ਕੀਮਤਾਂ ਇਕ ਸਾਲ ਪਹਿਲਾਂ ਦੀ ਤੁਲਨਾ 'ਚ ਘਟ ਹੀ ਰਹਿਣਗੀਆਂ।