ਰੁਪਏ ਨੂੰ ਮਜਬੂਤ ਕਰਨ ਲਈ ਸਰਕਾਰ ਘਟਾਏਗੀ ਇੰਪੋਰਟ, ਚੀਨ ਨੂੰ ਲੱਗੇਗਾ ਝਟਕਾ!

09/15/2018 2:06:52 PM

ਨਵੀਂ ਦਿੱਲੀ— ਸਰਕਾਰ ਦੇਸ਼ ਦਾ ਚਾਲੂ ਖਾਤਾ ਕੰਟਰੋਲ 'ਚ ਕਰਨ ਅਤੇ ਡਿੱਗਦੇ ਰੁਪਏ ਨੂੰ ਸੰਭਾਲਣ ਲਈ ਕੁਝ ਸਾਮਾਨਾਂ ਦੀ ਦਰਾਮਦ 'ਚ ਕਟੌਤੀ ਕਰਨ ਦਾ ਮਨ ਬਣਾ ਰਹੀ ਹੈ। ਪਾਬੰਦੀ ਲਿਹਾਜ ਨਾਲ ਜਿਨ੍ਹਾਂ ਸਾਮਾਨਾਂ 'ਤੇ ਨਜ਼ਰ ਹੋਵੇਗੀ, ਉਨ੍ਹਾਂ 'ਚ ਜ਼ਿਆਦਾਤਰ ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ਹਨ ਕਿਉਂਕਿ ਭਾਰਤ ਦਾ ਚੀਨ ਨਾਲ 63 ਅਰਬ ਡਾਲਰ (ਤਕਰੀਬਨ 45 ਖਰਬ ਰੁਪਏ) ਤੋਂ ਵਧ ਦਾ ਵਪਾਰ ਘਾਟਾ ਹੈ। ਸਰਕਾਰ ਗੈਰ-ਜ਼ਰੂਰੀ ਸਾਮਾਨਾਂ ਦੀ ਲਿਸਟ 'ਚ ਇਲੈਕਟ੍ਰਾਨਿਕਸ, ਕੁਝ ਕੱਪੜੇ, ਆਟੋਮੋਬਾਇਲ ਅਤੇ ਘੜੀਆਂ ਨੂੰ ਸ਼ਾਮਲ ਕਰ ਸਕਦੀ ਹੈ। 
ਸੋਨੇ ਦੀ ਦਰਾਮਦ ਘਟਾਉਣ ਲਈ ਵੀ ਕਦਮ ਚੁੱਕੇ ਜਾ ਸਕਦੇ ਹਨ। ਹਾਲਾਂਕਿ ਸੋਨਾ ਸਭ ਤੋਂ ਮਹਿੰਗੀ ਦਰਾਮਦ ਦੀ ਲਿਸਟ 'ਚ ਸ਼ਾਮਲ ਹੈ ਪਰ ਅਰਥਸ਼ਾਸਤਰੀ ਇਸ 'ਚ ਕਟੌਤੀ ਨੂੰ ਲੈ ਕੇ ਦੁਚਿੱਤੀ 'ਚ ਹਨ ਕਿਉਂਕਿ ਇਤਿਹਾਸਕ ਘਟਨਾਵਾਂ ਦੱਸਦੀਆਂ ਹਨ ਕਿ ਜਦੋਂ ਕਦੇ ਵੀ ਸੋਨੇ ਦੀ ਦਰਾਮਦ 'ਤੇ ਪਾਬੰਦੀ ਲੱਗੀ, ਇਸ ਦੀ ਦੇਸ਼ 'ਚ ਤਸਕਰੀ ਵਧ ਗਈ। ਯੂ. ਪੀ. ਏ. ਸਰਕਾਰ ਨੇ 2013 'ਚ ਚਾਲੂ ਖਾਤਾ ਘਾਟਾ ਵਧਣ ਦੇ ਬਾਅਦ ਸੋਨੇ ਦੀ ਦਰਾਮਦ 'ਚ ਕਟੌਤੀ ਦੇ ਲਿਹਾਜ ਨਾਲ ਇੰਪੋਰਟ ਡਿਊਟੀ ਵਧਾ ਦਿੱਤੀ ਸੀ। ਪਿਛਲੇ ਸਾਲ ਭਾਰਤ 'ਚ 33.7 ਅਰਬ ਡਾਲਰ (ਤਕਰੀਬਨ 24 ਖਰਬ ਰੁਪਏ) ਮੁੱਲ ਦਾ ਸੋਨਾ ਦਰਾਮਦ ਹੋਇਆ ਸੀ, ਜੋ ਬਰਾਮਦ ਅਤੇ ਦਰਾਮਦ ਵਿਚਕਾਰ ਦਾ ਫਰਕ ਵਧਾਉਣ ਦਾ ਵੱਡਾ ਕਾਰਕ ਸਾਬਤ ਹੋਇਆ। ਸਰਕਾਰ ਸੋਨੇ ਦੀ ਦਰਾਮਦ ਘਟਾਉਣ ਦੇ ਮਕਸਦ ਨਾਲ ਹੀ ਗੋਲਡ ਬਾਂਡਜ਼ ਅਤੇ ਗੋਲਡ ਡਿਪਾਜ਼ਿਟ ਸਕੀਮ ਲੈ ਕੇ ਆਈ। ਹਾਲਾਂਕਿ ਇਕ ਮਾਹਰ ਨੇ ਕਿਹਾ ਕਿ ਦਰਾਮਦ 'ਤੇ ਪਾਬੰਦੀ ਨਾਲ ਲਾਭ ਹੋਵੇਗਾ ਵੀ ਤਾਂ ਬਹੁਤ ਘਟ। ਬਦਲੇ 'ਚ ਐਕਸਾਈਜ਼ ਡਿਊਟੀ ਨਾ ਮਿਲਣ ਵਾਲਾ ਰੈਵੇਨਿਊ ਘਟ ਜਾਵੇਗਾ, ਨਾਲ ਹੀ ਬਾਜ਼ਾਰ 'ਚ ਵੀ ਉਥਲ-ਪੁਥਲ ਮਚੇਗੀ।

ਸਭ ਤੋਂ ਵਧ ਕੀ ਦਰਾਮਦ ਕਰਦਾ ਹੈ ਭਾਰਤ?
ਵਿੱਤੀ ਸਾਲ 2017-18 'ਚ ਭਾਰਤ ਨੇ 21 ਅਰਬ ਡਾਲਰ (ਤਕਰੀਬਨ 15 ਖਰਬ ਰੁਪਏ) ਮੁੱਲ ਦੇ ਮੋਬਾਇਲ ਫੋਨ ਸਮੇਤ ਟੈਲੀਕਾਮ ਉਪਕਰਣ ਦਰਾਮਦ ਕੀਤੇ ਸਨ। ਸਰਕਾਰ ਘਰੇਲੂ ਨਿਰਮਾਣ ਨੂੰ ਵਧਾਉਣ ਦੀ ਦਿਸ਼ਾ 'ਚ ਲਗਾਤਾਰ ਕਦਮ ਚੁੱਕ ਰਹੀ ਹੈ ਅਤੇ ਵਪਾਰ ਘਾਟਾ ਘਟ ਕਰਨ ਲਈ ਕੁਝ ਸਮੇਂ ਤਕ ਦਰਾਮਦ 'ਤੇ ਛੋਟੀ-ਜਿਹੀ ਪਾਬੰਦੀ ਲਾ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਕੱਚਾ ਤੇਲ, ਕੀਮਤੀ ਪੱਥਰ, ਇਲੈਕਟ੍ਰਾਨਿਕਸ ਸਾਮਾਨ, ਮਸ਼ੀਨਾਂ, ਜੈਵਿਕ ਰਸਾਇਣ, ਪਸ਼ੂ ਅਤੇ ਬਨਸਪਤੀ ਤੇਲ ਤੇ ਲੋਹਾ ਅਤੇ ਸਟੀਲ ਦਾ ਸਭ ਤੋਂ ਜ਼ਿਆਦਾ ਦਰਾਮਦ ਹੁੰਦੀ ਹੈ।