ਪਾਇਲਟਾਂ ਕੋਲੋਂ ਜ਼ਿਆਦਾ ਕੰਮ ਕਰਵਾਉਣ ’ਤੇ ਗੋਏਅਰ ਤੋਂ ਮੰਗਿਆ ਜਵਾਬ

01/08/2020 11:27:18 AM

ਨਵੀਂ ਦਿੱਲੀ — ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਪਾਇਲਟਾਂ ਕੋਲੋਂ ਜ਼ਿਆਦਾ ਕੰਮ ਲੈਣ ਦੇ ਮਾਮਲੇ ’ਚ ਸਸਤੀ ਜਹਾਜ਼ ਸੇਵਾ ਕੰਪਨੀ ਗੋਏਅਰ ਅਤੇ ਉਸ ਦੇ ਪਾਇਲਟਾਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ।

ਡੀ. ਜੀ. ਸੀ. ਏ. ਨੇ ਪਾਇਲਟਾਂ ਅਤੇ ਚਾਲਕ ਦਲ ਦੇ ਹੋਰ ਮੈਂਬਰਾਂ ਲਈ ਲਗਾਤਾਰ ਉਡਾਣ ਭਰਨ ਅਤੇ ਕੰਮ ਕਰਨ ਦੇ ਘੰਟਿਆਂ ਬਾਰੇ ਨਿਯਮ ਤੈਅ ਕੀਤੇ ਹੋਏ ਹਨ। ਉਨ੍ਹਾਂ ਦੇ ਕੰਮ ਦੀ ਵੱਧ ਤੋਂ ਵੱਧ ਹੱਦ ਅਤੇ ਘੱਟ ਤੋਂ ਘੱਟ ਅਾਰਾਮ ਦੇ ਘੰਟੇ ਨਿਸ਼ਚਿਤ ਹਨ। ਗੋਏਅਰ ਦੇ ਇਕ ਬੁਲਾਰੇ ਨੇ ਨੋਟਿਸ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ‘ਉਡਾਣ ਮਿਆਦ ਸਮਾਂ ਹੱਦ’ (ਐੱਫ. ਡੀ. ਟੀ. ਐੱਲ.) ਬਾਰੇ ਉਸ ਨੂੰ ਡੀ. ਜੀ. ਸੀ. ਏ. ਵੱਲੋਂ ਨੋਟਿਸ ਮਿਲਿਆ ਹੈ। ਨਿਯਮਿਤ ਐੱਫ. ਡੀ. ਟੀ. ਐੱਲ. ਆਡਿਟ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਕਈ ਪਾਇਲਟਾਂ ਨੇ ਇਸ ਹੱਦ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰ ਕੇ ਜ਼ਿਆਦਾ ਉਡਾਣ ਭਰੀ ਹੈ।