ਗੂਗਲ ਇੰਡੀਆ ਦੇ ਕੰਟਰੀ ਮੈਨੇਜਰ ਤੇ ਵਾਈਸ ਪ੍ਰੈਜ਼ੀਡੈਂਟ ਬਣੇ ਸੰਜੇ ਗੁਪਤਾ

11/08/2019 5:43:16 PM

ਗੈਜੇਟ ਡੈਸਕ– ਗੂਗਲ ਇੰਡੀਆ ਨੇ ਸੰਜੇ ਗੁਪਤਾ ਨੂੰ ਆਪਣਾ ਨਵਾਂ ਕੰਟਰੀ ਮੈਨੇਜਰ ਅਤੇ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਸੰਜੇ ਗੁਪਤਾ ਡਿਜ਼ਨੀ ਅਤੇ ਸਟਾਰ ਦੇ ਨਾਲ ਕੰਮ ਕਰ ਚੁੱਕੇ ਹਨ। ਗੂਗਲ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸੰਜੇ ਗੁਪਤਾ ਭਾਰਤ ’ਚ ਇੰਟਰਨੈੱਟ ਦੇ ਇਕੋਸਿਸਟਮ ਨੂੰ ਵਧਾਉਣ ’ਚ ਮਦਦ ਕਰਨਗੇ। ਨਾਲ ਹੀ, ਬਿਜ਼ਨੈੱਸ ਨੂੰ ਵਧਾਉਣ ਅਤੇ ਇੰਟਰਨੈੱਟ ਨੂੰ ਉਤਸ਼ਾਹ ਦੇਣ ਦੀਆਂ ਗੂਗਲ ਵੱਲੋਂ ਹੋ ਰਹੀਆਂ ਕੋਸ਼ਿਸ਼ਾਂ ’ਚ ਯੋਗਦਾਨ ਦੇਣਗੇ। ਦੱਸ ਦੇਈਏ ਕਿ ਰਾਜਨ ਆਨੰਦਨ ਦੇ ਅਸਤੀਫੇ ਤੋਂ ਬਾਅਦ ਹੀ ਗੂਗਲ ਇੰਡੀਆ ਆਪਣਾ ਨਵਾਂ ਕੰਟਰੀ ਮੈਨੇਜਰ ਅਤੇ ਵਾਈਸ ਪ੍ਰੈਜ਼ੀਡੈਂਟ ਲੱਭ ਰਹੀ ਸੀ। ਪਿਛਲੇ 8 ਮਹੀਨਿਆਂ ਤੋਂ ਇਹ ਅਹੁਦਾ ਖਾਲੀ ਸੀ। ਗੂਗਲ ਨੂੰ ਛੱਡਣ ਤੋਂ ਬਾਅਦ ਰਾਜਨ ਆਨੰਦਨ ਨੇ ਵੈਂਚਰ ਫੰਡ ਕੰਪਨੀ ਸਿਕਿਓਆ ਕੈਪੀਟਲ ਵਿਚ ਸ਼ਾਮਲ ਹੋ ਗਏ ਹਨ। 

ਕੌਣ ਹਨ ਸੰਜੇ ਗੁਪਤਾ
ਸੰਜੇ ਗੁਪਤਾ ਨੂੰ 30 ਸਾਲ ਤੋਂ ਜ਼ਿਆਦਾ ਦਾ ਅਨੁਭਵ ਹੈ। ਇਹ HUL ਦੇ ਨਾਲ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤੀ ਏਅਰਟੈੱਲ ’ਚ ਚੀਫ ਮਾਰਕੀਟਿੰਗ ਆਫੀਸਰ ਦੇ ਅਹੁਦੇ ’ਤੇ ਵੀ ਰਹੇ ਹਨ। ਦਿੱਲੀ ਕਾਲਜ ਆਫ ਇੰਜੀਨੀਅਰਿੰਗ ਤੋਂ ਸੰਜੇ ਗੁਪਤਾ ਨੇ ਇੰਜੀਨੀਅਰਿੰਗ ਦੀ ਡਿਗਰੀ ਲਈ ਹੈ। ਇਸ ਤੋਂ ਬਾਅਦ ਉਹ IIM (Indian Institute of Management) ਕੋਲਕਾਤਾ ’ਚ ਮੈਨੇਜਮੈਂਟ ਦੀ ਪੜਾਈ ਕਰਨ ਚਲੇ ਗਏ। 

- ਗੂਗਲ ’ਚ ਨਿਯੁਕਤੀ ਤੋਂ ਪਹਿਲਾਂ ਸੰਜੇ ਗੁਪਤਾ ਸਟਾਰ ਅਤੇ ਡਿਜ਼ਨੀ ਦੇ ਨਾਲ ਕੰਮ ਕਰ ਚੁੱਕੇ ਹਨ। ਭਾਰਤ ’ਚ ਹਾਟਸਟਾਰ ਦੀ ਪ੍ਰਸਿੱਧੀ ਪਿੱਛੇ ਇਨ੍ਹਾਂ ਦਾ ਅਹਿਮ ਰੋਲ ਦੱਸਿਆ ਜਾਂਦਾ ਹੈ। 

- ਗੂਗਲ ਮੁਤਾਬਕ, ਸੰਜੇ ਮੁੰਬਈ ’ਚ ਰਹਿ ਕੇ ਗੂਗਲ ਦੀ ਗੁੜਗਾਂਓ ਅਤੇ ਹੈਦਰਾਬਾਦ ਦੀ ਟੀਮ ਦੇ ਨਾਲ ਕੰਮ ਕਰਨਗੇ। ਅਗਲੇ ਸਾਲ ਦੀ ਸ਼ੁਰੂਆਤ ਤੋਂ ਉਹ ਇਸ ਅਹੁਦੇ ਨੂੰ ਸੰਭਾਲਣਗੇ। 

- ਗੂਗਲ ’ਚ ਸ਼ਾਮਲ ਹੋਣ ’ਤੇ ਸੰਜੇ ਗੁਪਤਾ ਨੇ ਕਿਹਾ ਹੈ ਕਿ ਗੂਗਲ ਇੰਡੀਆ ਨੂੰ ਲੀਡ ਕਰਨ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਿਤ ਹਾਂ। ਇਹ ਭਾਰਤ ਦੀਆਂ ਕੁਝ ਅਨੌਖੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਇੰਟਰਨੈੱਟ ਨੂੰ ਲੋਕਾਂ ਤੇ ਭਾਈਚਾਰਿਆਂ ਲਈ ਆਰਥਿਕ ਵਿਕਾਸ ਦਾ ਇੰਜਣ ਬਣਾਉਣ ਲਈ ਇਹ ਚੰਗਾ ਮੌਕਾ ਹੈ। 

- ਸੰਜੇ ਗੁਪਤਾ ਨੇ ਕਿਹਾ ਕਿ ਭਾਰਤ ਦੁਨੀਆ ਲਈ ਇਨੋਵੇਸ਼ਨ ਹਬ ਬਣ ਰਿਹਾ ਹੈ ਅਤੇ ਮੈਂ ਗੂਗਲ ਦੀ ਸ਼ਾਨਦਾਰ ਟੀਮ ’ਚ ਸ਼ਾਮਲ ਹੋਣ ਅਤੇ ਇੰਡੀਆ ਦੀ ਡਿਜੀਟਲ ਜਰਨੀ ਦੇ ਸਹਿਯੋਗ ਨੂੰ ਲੈ ਕੇ ਖੁਸ਼ ਹਾਂ।