ਗੂਗਲ ਦੇ CEO ਸੁੰਦਰ ਪਿਚਾਈ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ, ਭਾਰਤ ਨੂੰ ਲੈ ਕੇ ਦਿੱਤਾ ਅਹਿਮ ਬਿਆਨ

12/03/2022 11:54:33 AM

ਬਿਜਨੈੱਸ ਡੈਸਕ- ਗੂਗਲ ਅਤੇ ਅਲਫਾਬੇਟ ਦੇ ਸੀ.ਈ.ਓ ਸੁੰਦਰ ਪਿਚਾਈ ਨੇ ਕਿਹਾ ਹੈ ਕਿ ਉਹ ਹਮੇਸ਼ਾ ਭਾਰਤ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਜਿੱਥੇ ਵੀ ਜਾਂਦੇ ਹਨ ਆਪਣੀ ਭਾਰਤੀ ਪਛਾਣ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ। ਪਿਚਾਈ ਨੇ ਇਹ ਗੱਲ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਜਾਣ ਮੌਕੇ ਆਖੀ। ਪਿਚਾਈ ਨੇ ਕਿਹਾ ਕਿ ਭਾਰਤ ਮੇਰਾ ਇਕ ਹਿੱਸਾ ਹੈ ਅਤੇ ਮੈਂ ਜਿੱਥੇ ਕਿਤੇ ਵੀ ਜਾਂਦਾ ਹਾਂ ਇਸ ਨੂੰ ਆਪਣੇ ਨਾਲ ਲੈ ਜਾਂਦਾ ਹਾਂ।
 

ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਪਿਚਾਈ ਨੂੰ ਵਪਾਰ ਅਤੇ ਉਦਯੋਗ ਸ਼੍ਰੇਣੀ 'ਚ ਸਾਲ 2022 ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਅਮਰੀਕਾ 'ਚ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦਿੱਤਾ। ਪਿਚਾਈ ਨੂੰ ਸ਼ੁੱਕਰਵਾਰ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ 'ਚ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਪਿਚਾਈ ਨੇ ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਤੋਂ ਇਹ ਸਨਮਾਨ ਸਵੀਕਾਰ ਕਰਦਿਆਂ ਕਿਹਾ ਕਿ ਮੈਂ ਇਸ ਸਨਮਾਨ ਲਈ ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਭਾਰਤ ਮੇਰਾ ਇੱਕ ਹਿੱਸਾ ਹੈ ਅਤੇ ਮੈਂ ਗੂਗਲ ਅਤੇ ਭਾਰਤ ਵਿਚਕਾਰ ਮਹਾਨ ਸਾਂਝੇਦਾਰੀ ਨੂੰ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ ਕਿਉਂਕਿ ਅਸੀਂ ਤਕਨਾਲੋਜੀ ਦੇ ਲਾਭਾਂ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਇਕੱਠੇ ਕੰਮ ਕਰਦੇ ਹਾਂ।'


 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon