ਖੁਸ਼ਖਬਰੀ : ਹੁਣ ਵਾਸ਼ਿੰਗਟਨ ਲਈ ਭਰੋ ਸਿੱਧੀ ਉਡਾਣ, ਬੁਕਿੰਗ ਹੋਈ ਸ਼ੁਰੂ

05/28/2017 3:31:38 PM

ਨਵੀਂ ਦਿੱਲੀ— ਏਅਰ ਇੰਡੀਆ ਵੱਲੋਂ ਦਿੱਲੀ ਤੋਂ ਵਾਸ਼ਿੰਗਟਨ ਲਈ ਸ਼ੁਰੂ ਕੀਤੀ ਜਾ ਰਹੀ ਸਿੱਧੀ ਉਡਾਣ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਏਅਰ ਇੰਡੀਆ ਦੇ ਗਾਹਕ ਸੇਵਾ ਅਧਿਕਾਰੀ ਰਾਜੇਸ਼ ਵਰਮਾ ਨੇ ਦੱਸਿਆ ਕਿ 7 ਜੁਲਾਈ ਤੋਂ ਸ਼ੁਰੂ ਹੋ ਰਹੀ ਇਸ ਉਡਾਣ ਲਈ 770-200 ਐੱਲ. ਆਰ. ਜਹਾਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਏਅਰ ਇੰਡੀਆ ਦੀ ਦਿੱਲੀ ਤੋਂ ਵਾਸ਼ਿੰਗਟਨ ਲਈ ਪਹਿਲੀ ਸਿੱਧੀ ਉਡਾਣ ਹੋਵੇਗੀ ਅਤੇ ਇਹ ਉਡਾਣ ਸ਼ੁਰੂ ਹੋਣ ਤੋਂ ਬਾਅਦ ਏਅਰ ਇੰਡੀਆ ਦਾ ਅਮਰੀਕਾ ਦੇ 5 ਵੱਡੇ ਸ਼ਹਿਰਾਂ ਨਾਲ ਸਿੱਧਾ ਸੰਪਰਕ ਜੁੜ ਜਾਵੇਗਾ। ਇਸ ਤੋਂ ਪਹਿਲਾਂ ਏਅਰ ਇੰਡੀਆ ਨਿਊਯਾਰਕ, ਨੇਵਾਰਕ, ਸ਼ਿਕਾਗੋ ਅਤੇ ਸਾਨ ਫਰਾਂਸਿਸਕੋ ਲਈ ਸਿੱਧੀਆਂ ਸੇਵਾਵਾਂ ਦੇ ਰਿਹਾ ਹੈ। 
ਕਿੰਨਾ ਹੋਵੇਗਾ ਕਿਰਾਇਆ?


15 ਘੰਟੇ 'ਚ ਦਿੱਲੀ ਤੋਂ ਵਾਸ਼ਿੰਗਟਨ ਦੀ ਦੂਰੀ ਤੈਅ ਕਰਨ ਵਾਲੀ ਇਹ ਫਲਾਈਟ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਚੱਲੇਗੀ ਅਤੇ ਇਸ ਦੀ ਇਕਾਨਮੀ ਕਲਾਸ ਦਾ ਕਿਰਾਇਆ 15 ਹਜ਼ਾਰ ਰੁਪਏ (ਟੈਕਸ ਵੱਖਰੇ) ਹੋਵੇਗਾ । ਫਲਾਈਟ 'ਚ ਫਰਸਟ ਕਲਾਸ ਦੀਆਂ 8, ਬਿਜ਼ਨੈੱਸ ਕਲਾਸ ਦੀਆਂ 35 ਅਤੇ ਇਕਾਨਮੀ ਕਲਾਸ ਦੀਆਂ 195 ਸੀਟਾਂ ਹੋਣਗੀਆਂ।
ਅੰਮ੍ਰਿਤਸਰ ਦੇ ਮੁਸਾਫਰਾਂ ਨੂੰ ਵੀ ਫਾਇਦਾ 


ਅੰਮ੍ਰਿਤਸਰ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ ਸ਼ਾਮ 7 ਵਜੇ ਉਡਾਣ ਭਰਦੀ ਹੈ। ਇਹ ਜਹਾਜ਼ ਕਰੀਬ 8 ਵਜੇ ਦਿੱਲੀ ਪਹੁੰਚ ਜਾਂਦਾ ਹੈ। ਅਜਿਹੇ 'ਚ ਇਸ ਫਲਾਈਟ ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਮੁਸਾਫਰਾਂ ਨੂੰ ਆਸਾਨੀ ਨਾਲ ਇਸ ਫਲਾਈਟ 'ਚ ਜਾਣ ਦਾ ਮੌਕਾ ਮਿਲ ਜਾਵੇਗਾ ਕਿਉਂਕਿ ਵਾਸ਼ਿੰਗਟਨ ਜਾਣ ਵਾਲੀ ਫਲਾਈਟ ਦਾ ਸਮਾਂ ਰਾਤ 1.15 ਵਜੇ ਰੱਖਿਆ ਗਿਆ ਹੈ ਅਤੇ ਮੁਸਾਫਰਾਂ ਲਈ ਆਪਣੀ ਕਾਗਜੀ ਕਾਰਵਾਈ ਪੂਰੀ ਕਰਨ ਲਈ ਕਾਫੀ ਸਮਾਂ ਹੋਵੇਗਾ।